arrow

ਬਾਦਲ ਵੱਲੋਂ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਨਾਮ 'ਤੇ ਭਵਨ ਬਣਾਉਣ ਦੀ ਸਹਿਮਤੀ

ਚੰਡੀਗੜ੍ਹ, 8 ਜੁਲਾਈ-

ਬਾਜੀਗਰ ਭਾਈਚਾਰਾ ਤੇ ਟੱਪਰੀਵਾਸ ਜਾਤੀਆਂ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਬੰਦ-ਬੰਦ ਕਟਵਾਉਣ ਵਾਲੇ ਵਾਲੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਨਾਮ 'ਤੇ ਭਵਨ ਬਣਾਉਣ ਦੀ ਸਹਿਮਤੀ ਦੇ ਦਿੱਤੀ ਹੈ।

ਸ. ਬਾਦਲ ਨੇ ਇਸ ਬਾਰੇ ਫੈਸਲਾ ਅੱਜ ਸਵੇਰੇ ਮੁੱਖ ਮੰਤਰੀ ਦਫ਼ਤਰ ਵਿਖੇ ਪੰਜਾਬ ਬਾਜੀਗਰ ਫਰੰਟ ਦੇ ਪ੍ਰਧਾਨ ਜਥੇਦਾਰ ਲਾਭ ਸਿੰਘ ਦੇਵੀਨਗਰ ਦੀ ਅਗਵਾਈ ਵਿੱਚ ਮਿਲੇ ਵਫ਼ਦ ਨਾਲ ਮੀਟਿੰਗ ਦੌਰਾਨ ਲਿਆ। ਮੁੱਖ ਮੰਤਰੀ ਨੇ ਸਮਾਜ ਭਲਾਈ ਦੇ ਸਕੱਤਰ ਨੂੰ ਆਖਿਆ ਕਿ ਇਸ ਭਵਨ ਦੇ ਨਿਰਮਾਣ ਲਈ ਢੁਕਵੀਂ ਜਗ੍ਹਾ ਦੀ ਚੋਣ ਲਈ ਗਮਾਡਾ ਤੇ ਹੋਰ ਵਿਕਾਸ ਅਥਾਰਟੀਆਂ ਨਾਲ ਤਾਲਮੇਲ ਕੀਤਾ ਜਾਵੇ ਤਾਂ ਕਿ ਇਸ ਸਬੰਧੀ ਲੋੜੀਂਦੀਆਂ ਰਸਮਾਂ ਛੇਤੀ ਮੁਕੰਮਲ ਕਰ ਲਈਆਂ ਜਾਣ।

ਫਰੰਟ ਦੇ ਅਹੁਦੇਦਾਰਾਂ ਵੱਲੋਂ ਭਾਈਚਾਰੇ ਦੇ ਲੋਕਾਂ ਨੂੰ ਬੋਰਡ ਤੇ ਕਾਰਪੋਰੇਸ਼ਨਾਂ ਵਿੱਚ ਯੋਗ ਨੁਮਾਇੰਦਗੀ ਦੇਣ ਦੀ ਮੰਗ 'ਤੇ ਸ. ਬਾਦਲ ਨੇ ਬਾਜੀਗਰ ਤੇ ਟੱਪਰੀਵਾਸ ਜਾਤੀਆਂ ਲਈ ਬਣਾਏ ਬੋਰਡ ਦੀ ਪੁਨਰ ਸਥਾਪਨਾ ਕਰਨ ਦਾ ਐਲਾਨ ਕੀਤਾ ਤਾਂ ਕਿ ਇਸ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਛੇਤੀ ਤੋਂ ਛੇਤੀ ਕੀਤਾ ਜਾ ਸਕੇ। ਉਨ੍ਹਾਂ ਆਖਿਆ ਕਿ ਇਸ ਬੋਰਡ ਦੇ ਮੁੜ ਗਠਨ ਮੌਕੇ ਇਸ ਦਾ ਉਦੇਸ਼, ਅਧਿਕਾਰ ਖੇਤਰ ਆਦਿ ਪੱਖ ਤੈਅ ਕੀਤੇ ਜਾਣਗੇ। ਉਨ੍ਹਾਂ ਆਖਿਆ ਕਿ ਇਹ ਬੋਰਡ, ਸਲਾਹਕਾਰ ਬੋਰਡ ਵਜੋਂ ਵੀ ਕੰਮ ਕਰੇਗਾ ਜੋ ਇਸ ਭਾਈਚਾਰੇ ਦੀ ਭਲਾਈ ਤੇ ਵਿਕਾਸ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਆਪਣੇ ਕੀਮਤੀ ਸੁਝਾਅ ਸੂਬਾ ਸਰਕਾਰ ਨੂੰ ਦੇਵੇਗਾ।

ਬਾਜੀਗਰ ਤੇ ਟੱਪਰੀਵਾਸ ਜਾਤੀਆਂ ਨੂੰ ਅਨੁਸੂਚਿਤ ਕਬੀਲਾ ਐਲਾਨਣ ਦੀ ਮੰਗ ਬਾਰੇ ਸ. ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ ਕੇਂਦਰ ਸਰਕਾਰ ਇਸ ਬਾਰੇ ਕੇਸ ਭੇਜਿਆ ਹੋਇਆ ਹੈ ਅਤੇ ਉਹ ਨਿੱਜੀ ਤੌਰ 'ਤੇ ਇਸ ਕੇਸ ਨੂੰ ਕੇਂਦਰ ਸਰਕਾਰ ਕੋਲ ਉਠਾਉਣਗੇ ਤਾਂ ਕਿ ਭਾਈਚਾਰੇ ਦੀ ਚਿਰੋਕਣੀ ਮੰਗ ਪੂਰੀ ਕੀਤੀ ਜਾ ਸਕੇ।

ਸ. ਬਾਦਲ ਨੇ ਵਫ਼ਦ ਨੂੰ ਭਰੋਸਾ ਦਿੱਤਾ ਅਕਾਲੀ-ਭਾਜਪਾ ਸਰਕਾਰ ਭਾਈਚਾਰੇ ਦੀ ਭਲਾਈ ਲਈ ਪੂਰਨ ਤੌਰ 'ਤੇ ਵਚਨਬੱਧ ਹੈ ਅਤੇ ਇਸ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਹਮੇਸ਼ਾ ਹੀ ਕਮਜ਼ੋਰ ਤਬਕਿਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਉਨ੍ਹਾਂ ਨੂੰ ਬਣਦੇ ਹੱਕ ਦਿਵਾਉਣ ਵਾਲੀਆਂ ਨੀਤੀਆਂ 'ਤੇ ਪਹਿਰਾ ਦਿੰਦੀ ਆਈ ਹੈ। ਵਫ਼ਦ ਨੇ ਮੁੱਖ ਮੰਤਰੀ ਵੱਲੋਂ ਭਾਈਚਾਰੇ ਦੀਆਂ ਮੰਗਾਂ ਨੂੰ ਸੁਣਨ ਅਤੇ ਉਨ੍ਹਾਂ ਦੇ ਫੌਰੀ ਹੱਲ ਲਈ ਦਿੱਤੇ ਭਰੋਸੇ ਲਈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।