arrow

ਰੇਲ ਬਜਟ ਵਿਚ ਬੁਲਟ ਟ੍ਰੇਨ ਦੀ ਤਿਆਰੀ ਜ਼ੋਰਾਂ 'ਤੇ

ਨਵੀਂ ਦਿੱਲੀ , 8 ਜੁਲਾਈ-

ਰੇਲਮੰਤਰੀ ਸਦਾਨੰਦ ਗੌੜਾ ਨੇ ਮੰਗਲਵਾਰ ਨੂੰ ਆਪਣੇ ਪਹਿਲੇ ਰੇਲ ਬਜਟ ਵਿਚ ਕਿਹਾ ਕਿ ਬੁਲੇਟ ਟ੍ਰੇਨ ਲਈ ਮੁੰਬਈ ਅਹਿਮਦਾਬਾਦ ਰੇਲਵੇ ਟ੍ਰੈਕ ਨੂੰ ਪਹਿਲਾਂ ਹੀ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਸ਼ਹਿਰਾਂ ਨੂੰ ਜੋੜਨ ਲਈ ਹੀਰਕ ਚਤੁਰਭੁਜੀ ਯੋਜਨਾ ਸ਼ੁਰੂ ਕੀਤੀ ਜਾਵੇਗੀ। ਰੇਲ ਮੰਤਰੀ ਨੇ ਕਿਹਾ ਕਿ ਬਜ਼ੁਰਗਾਂ ਲਈ ਸਟੇਸ਼ਨਾਂ 'ਤੇ ਬੈਟਰੀ ਵਾਲੀ ਕਾਰ ਚਲਾਈ ਜਾਵੇਗੀ। ਔਰਤਾਂ ਦੀ ਸੁਰੱਖਿਆ ਲਈ ਮਹਿਲਾ ਸਿਪਾਹੀਆਂ ਦੀ ਭਰਤੀ ਕੀਤੀ ਜਾਵੇਗੀ।

ਰੇਲ ਮੰਤਰੀ ਨੇ ਕਿਹਾ ਕਿ ਸੈਰ ਸਪਾਟੇ ਨੂੰ ਬੜਾਵਾ ਦੇਣ ਲਈ ਕਈ ਵਿਸ਼ੇਸ਼ ਗੱਡੀਆਂ ਚਲੀਆਂ ਜਾਣਗੀਆਂ। ਮੋਬਾਈਲ ਫੋਨ ਅਤੇ ਡਾਕਘਰ ਤੋਂ ਟਿਕਟ ਬੁਕਿੰਗ ਨੂੰ ਹਰਮਨ ਪਿਆਰਾ ਬਣਾਇਆ ਜਾਵੇਗਾ। ਰੇਲ ਮੰਤਰੀ ਨੇ ਕਿਹਾ ਕਿ ਅਗਲੇ 10 ਸਾਲਾਂ ਤਕ ਰੇਲਵੇ ਨੂੰ ਹਰ ਸਾਲ 50,000 ਕਰੋੜ ਰੁਪਏ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਰੇਲਵੇ ਨੂੰ ਐਫ.ਡੀ.ਆਈ. ਦੀ ਜ਼ਰੂਰਤ ਹੈ। ਰੇਲਵੇ ਨੇ ਯਾਤਰੀ ਅਤੇ ਮਾਲ ਭਾੜੇ ਵਿਚ ਵਾਧਾ ਨਹੀਂ ਕੀਤਾ ਹੈ। ਰੇਲ ਮੰਤਰੀ ਨੇ ਕਿਹਾ ਕਿ ਖਾਣਪਾਨ ਸੇਵਾਵਾਂ ਵਿਚ ਸੁਧਾਰ ਲਈ ਰੇਲਵੇ ਵਿਚ ਰੇਡੀ ਟੂ ਈਟ ਭੋਜਨ ਪਰੋਸਿਆ ਜਾਵੇਗਾ।

ਰੇਲ ਬਜਟ ਵਿਚ ਕੀ ਆਇਆ ਪੰਜਾਬ ਦੇ ਹਿੱਸੇ

ਚੰਡੀਗੜ੍ਹ- ਮੋਦੀ ਸਰਕਾਰ ਵਲੋਂ ਪੇਸ਼ ਹੋਏ ਇਸ ਪਹਿਲੇ ਰੇਲ ਬਜਟ ਵਿਚ ਚੰਡੀਗੜ੍ਹ ਨੂੰ ਇਕ ਹਾਈਸਪੀਡ ਟ੍ਰੇਨ ਮਿਲੀ ਹੈ ਅਤੇ ਇਕ ਏ.ਸੀ. ਐਕਸਪ੍ਰੈੱਸ ਵੀ। ਪੰਜਾਬ ਨੂੰ 4 ਵੱਡੀਆਂ ਟ੍ਰੇਨਾਂ ਮਿਲੀਆਂ ਹਨ ਅਤੇ ਹਰਿਆਣਾ ਨੂੰ ਦੋ ਨਵੀਆਂ ਪੈਸਿੰਜਰ ਟ੍ਰੇਨਾਂ ਮਿਲੀਆਂ ਹਨ। ਜੰਮੂ ਲਈ ਐਲਾਨੀਆਂ ਗਈਆਂ 3 ਟ੍ਰੇਨਾਂ ਵੀ ਪੰਜਾਬ ਅਤੇ  ਹਰਿਆਣਾ ਦੇ ਵਿਚੋਂ ਹੁੰਦੀਆਂ ਜਾਣਗੀਆਂ।

ਇਸ ਬਜਟ ਵਿਚ ਰੇਲ ਮੰਤਰੀ ਸਦਾਨੰਦ ਗੌੜਾ ਨੇ ਦਿੱਲੀ ਤੋਂ ਚੰਡੀਗੜ੍ਹ ਅਤੇ ਦਿੱਲੀ ਤੋਂ ਪਠਾਨਕੋਟ ਵਿਚ ਹਾਈਸਪੀਡ ਟ੍ਰੇਨਾਂ ਚਲਾਉਣ ਦਾ ਐਲਾਨ ਕੀਤਾ ਹੈ। ਇਸ ਟ੍ਰੇਨ ਦੀ ਸਪੀਡ 160 ਕਿ. ਮੀ ਤੋਂ 200 ਕਿ. ਮੀ ਵਿਚ ਹੋਵੇਗੀ। ਇਸ ਤੋਂ ਇਲਾਵਾ ਸਰਸਾ-ਅੰਮ੍ਰਿਤਸਰ 'ਚ ਨਵੀਂ ਜਨਸਾਧਾਰਣ ਐਕਸਪ੍ਰੈਸ ਚਲਾਈ ਜਾਵੇਗੀ।

ਰੇਲ ਬਜਟ ਵਿਚ ਐਕਸਪੈਰੀਮੈਂਟਲ ਤੌਰ 'ਤੇ ਚਲਾ ਕੇ ਬੰਦ ਕਰ ਦਿੱਤੀ ਗਈ ਚੰਡੀਗੜ੍ਹ ਤੋਂ ਫਿਰੋਜ਼ਪੁਰ ਹੋਲੀ ਸਪੈਸ਼ਲ ਟ੍ਰੇਨ ਨੂੰ ਰੈਗੂਲਰ ਕਰ ਦਿੱਤਾ ਗਿਆ ਹੈ। ਦਿੱਲੀ ਤੋਂ ਬਠਿੰਡਾ ਤਕ ਸ਼ਤਾਬਦੀ ਐਕਸਪ੍ਰੈੱਸ ਚੱਲੇਗੀ। ਇਸ ਰੂਟ 'ਤੇ ਸ਼ਤਾਬਦੀ ਚਲਾਉਣ ਦੀ ਮੰਗ ਬਹੁਤ ਪੁਰਾਣੀ ਸੀ, ਜਿਸ ਨੂੰ ਰੇਲ ਮੰਤਰੀ ਨੇ ਪੂਰਾ ਕਰ ਦਿੱਤਾ ਹੈ। ਹਰਿਆਣਾ ਵਿਚ ਬੀਕਾਨੇਰ-ਰੇਵਾੜੀ ਪੈਸੇਂਜਰ ਚਲਾਉਣ ਦਾ ਐਲਾਨ ਹੋਇਆ ਹੈ। ਇਸ ਤੋਂ ਇਲਾਵਾ ਹਿਸਾਰ-ਲੁਧਿਆਣਾ ਪੈਸਿੰਜਰ ਨੂੰ ਸਾਦਲੂਪੁਰ ਤਕ ਵਧਾਇਆ ਗਿਆ ਹੈ।