arrow

39 ਪੰਜਾਬੀਆਂ ਨੂੰ ਵਾਪਸ ਲਿਆਉਣ ਲਈ ਬਾਦਲ ਸੁਸ਼ਮਾ ਨੂੰ ਮਿਲਣਗੇ

ਚੰਡੀਗੜ੍ਹ, 7 ਜੁਲਾਈ-

ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਆਖਿਆ ਕਿ ਇਰਾਕ ਦੇ ਜੰਗ ਵਾਲੇ ਇਲਾਕੇ ਮਸੂਲ ਵਿੱਚ ਘਿਰੇ 39 ਪੰਜਾਬੀਆਂ ਨੂੰ ਵਾਪਸ ਲਿਆਉਣ ਦੀ ਪ੍ਰਕ੍ਰਿਆ ਵਿੱਚ ਤੇਜ਼ੀ ਲਿਆਉਣ ਲਈ ਉਹ ਛੇਤੀ ਹੀ ਕੇਂਦਰੀ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਮਿਲਣਗੇ।

ਇਹ ਭਰੋਸਾ ਸ. ਬਾਦਲ ਨੇ ਉਨ੍ਹਾਂ ਪੰਜਾਬੀਆਂ ਦੇ ਪਰਿਵਾਰਾਂ ਦੇ ਮੈਂਬਰਾਂ ਦੇ ਵਫ਼ਦ ਨੂੰ ਉਸ ਵੇਲੇ ਦਿਵਾਇਆ ਜਦੋਂ ਇਹ ਪਰਿਵਾਰ ਅੱਜ ਦੁਪਹਿਰ ਇੱਥੇ ਪੰਜਾਬ ਭਵਨ ਵਿਖੇ ਮਾਲ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿੱਚ ਉਨ੍ਹਾਂ ਨੂੰ ਮਿਲਣ ਆਏ।

ਮੁੱਖ ਮੰਤਰੀ ਨੇ ਆਖਿਆ ਕਿ ਉਹ ਕੇਂਦਰ ਸਰਕਾਰ, ਵਿਦੇਸ਼ੀ ਮਾਮਲਿਆਂ ਦੇ ਅਧਿਕਾਰੀਆਂ, ਇਰਾਕ ਵਿੱਚ ਭਾਰਤ ਦੇ ਵਿਸ਼ੇਸ਼ ਰਾਜਦੂਤ ਸ੍ਰੀ ਸੁਰੇਸ਼ ਰੈਡੀ ਦੇ ਨਾਲ ਲਗਾਤਾਰ ਸੰਪਰਕ ਵਿੱਚ ਹਨ ਤਾਂ ਕਿ ਇਰਾਕ ਵਿੱਚ ਫਸੇ ਨੌਜਵਾਨਾਂ ਨੂੰ ਵਾਪਸ ਲਿਆਉਣ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਸਬੰਧ ਵਿੱਚ ਭਾਰਤ ਸਰਕਾਰ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ 'ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਆਖਿਆ ਕਿ ਪੀੜਤ ਪਰਿਵਾਰਾਂ ਨੂੰ ਕੇਂਦਰ ਸਰਕਾਰ ਵਿੱਚ ਭਰੋਸਾ ਰੱਖਣਾ ਚਾਹੀਦਾ ਹੈ ਜੋ ਕਿ ਇਰਾਕ ਵਿੱਚ ਘਿਰੇ ਇਕੱਲੇ-ਇਕੱਲੇ ਭਾਰਤੀ ਨੂੰ ਵਾਪਸ ਲਿਆਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਸ. ਬਾਦਲ ਨੇ ਸੂਬਾ ਸਰਕਾਰ ਦੀ ਤਰਫ਼ੋ ਇਹ ਭਰੋਸਾ ਵੀ ਦਿਵਾਇਆ ਕਿ ਉਨ੍ਹਾਂ ਵੱਲੋਂ ਪੰਜਾਬੀਆਂ ਦੀ ਰਿਹਾਈ ਦੀ ਪ੍ਰਕ੍ਰਿਆ ਨੂੰ ਤੇਜ਼ ਕਰਨ ਵਿੱਚ ਹਰ ਸੰਭਵ ਯਤਨ ਕੀਤੇ ਗਏ ਹਨ।

ਇਸ ਮੌਕੇ ਮੁੱਖ ਮੰਤਰੀ ਨੇ ਇਰਾਕ ਵਿੱਚ ਭਾਰਤ ਸਰਕਾਰ ਦੇ ਵਿਸ਼ੇਸ਼ ਰਾਜਦੂਤ ਸ੍ਰੀ ਸੁਰੇਸ਼ ਰੈਡੀ 'ਤੇ ਟੈਲੀਫੋਨ 'ਤੇ ਗੱਲਬਾਤ ਕੀਤੀ ਅਤੇ ਇਸ ਮਾਮਲੇ ਬਾਰੇ ਤਾਜ਼ਾ ਜਾਣਕਾਰੀ ਹਾਸਲ ਕੀਤੀ। ਸ੍ਰੀ ਰੈਡੀ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸਾਰੇ 39 ਪੰਜਾਬੀ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਭਾਰਤ ਸਰਕਾਰ ਇਨ੍ਹਾਂ ਦੀ ਛੇਤੀ ਰਿਹਾਈ ਲਈ ਹਰੇਕ ਕੂਟਨੀਤਿਕ ਢੰਗ ਵਰਤ ਰਹੀ ਹੈ। ਉਨ੍ਹਾਂ ਨੇ ਸ. ਬਾਦਲ ਨੂੰ ਇਹ ਵੀ ਦੱਸਿਆ ਕਿ ਉਹ ਉਥੇ ਘਿਰੇ ਪੰਜਾਬੀਆਂ ਨੂੰ ਬਾਹਰ ਕੱਢਣ ਲਈ ਉਸ ਫੈਕਟਰੀ ਮਾਲਕ ਦੇ ਸੰਪਰਕ ਵਿੱਚ ਹਨ, ਜਿੱਥੇ ਇਹ ਪੰਜਾਬੀ ਕੰਮ ਕਰਦੇ ਹਨ।

ਮੁੱਖ ਮੰਤਰੀ ਦੇ ਕਹਿਣ 'ਤੇ ਇਸੇ ਦੌਰਾਨ ਸ੍ਰੀ ਰੈਡੀ ਨੇ ਉਨ੍ਹਾਂ ਪੰਜਾਬੀਆਂ ਦੇ ਪਰਿਵਾਰ ਦੇ ਮੈਂਬਰ ਨਾਲ ਵੀ ਟੈਲੀਫੋਨ 'ਤੇ ਗੱਲਬਾਤ ਕੀਤੀ ਅਤੇ ਭਰੋਸਾ ਦਿਵਾਇਆ ਕਿ ਭਾਰਤ ਸਰਕਾਰ ਉਨ੍ਹਾਂ ਨੂੰ ਰਿਹਾਅ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਪੀੜਤ ਪਰਿਵਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਵੱਲੋਂ ਇਰਾਕ ਵਿੱਚ ਫਸੇ ਪੰਜਾਬੀਆਂ ਦੀ ਵਾਪਸੀ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸ਼ਾਇਦ ਦੇਸ਼ ਵਿੱਚ ਇਹੋ ਹੀ ਪਰਿਵਾਰ ਹਨ ਜਿਨ੍ਹਾਂ ਦੀ ਦੁੱਖ-ਤਕਲੀਫ ਨੂੰ ਵਿਦੇਸ਼ ਮਾਮਲਿਆਂ ਦੀ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੇ ਖੁਦ ਸੁਣਿਆ ਅਤੇ ਇਹ ਸ. ਬਾਦਲ ਵੱਲੋਂ ਹਰੇਕ ਪੰਜਾਬੀ ਦੀ ਸੁਰੱਖਿਅਤ ਰਿਹਾਈ ਲਈ ਸ਼ੁਰੂ ਕੀਤੀ ਮੁਹਿੰਮ ਦਾ ਨਤੀਜਾ ਹੈ। ਸ. ਮਜੀਠੀਆ ਨੇ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਪੂਰੀ ਮਦਦ ਤੇ ਸਹਿਯੋਗ ਦੇਵੇਗੀ।

ਵਫ਼ਦ ਵਿੱਚ ਸ਼ਾਮਲ ਸ੍ਰੀ ਹਰਦੀਪ ਸਿੰਘ, ਸ੍ਰੀ ਬਲਕਾਰ ਸਿੰਘ, ਸ੍ਰੀ ਤਰਸੇਮ ਸਿੰਘ, ਸ਼ੀਰਾ, ਸ੍ਰੀ ਸਰਦਾਰਾ ਸਿੰਘ, ਸ੍ਰੀ ਹਰਭਜਨ ਸਿੰਘ, ਸ੍ਰੀ ਗੁਰਮੇਜ ਸਿੰਘ, ਸ੍ਰੀ ਸਤਪਾਲ ਸਿੰਘ, ਸ੍ਰੀ ਬਲਜਿੰਦਰ ਸਿੰਘ, ਸ੍ਰੀ ਸੁਖਦੇਵ ਸਿੰਘ, ਸ੍ਰੀ ਬਲਵਿੰਦਰ ਸਿੰਘ, ਸ੍ਰੀ ਰਾਜ ਕੁਮਾਰ, ਸ੍ਰੀ ਬਲਵਿੰਦਰ ਕੌਰ, ਸ੍ਰੀ ਰੌਣਕੀ ਰਾਮ, ਸ੍ਰੀ ਪ੍ਰੇਮ ਸਿੰਘ, ਸ੍ਰੀ ਮੁਖਤਿਆਰ ਸਿੰਘ, ਸ੍ਰੀ ਜਗਦੀਸ਼ ਕੁਮਾਰ, ਸ੍ਰੀ ਗੁਰਦੇਵ ਲਾਲ, ਸ੍ਰੀ ਜੀਤ ਰਾਮ, ਸ੍ਰੀ ਹੰਸ ਰਾਜ ਤੇ ਸ੍ਰੀ ਕੇਵਲ ਸਿੰਘ ਨੇ ਮੁੱਖ ਮੰਤਰੀ ਤੇ ਸ. ਮਜੀਠੀਆ ਦਾ ਪੰਜਾਬੀਆਂ ਦੀ ਵਤਨ ਵਾਪਸੀ ਲਈ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਲਈ ਧੰਨਵਾਦ ਕੀਤਾ।