arrow

ਕਾਂਗਰਸ ਦੀ ਚਾਲ ਨੂੰ ਸਮਝਣ ਹਰਿਆਣਾ ਦੇ ਸਿੱਖ- ਜੱਥੇਦਾਰ

ਅੰਮ੍ਰਿਤਸਰ 7 ਜੁਲਾਈ-

ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵਲੋਂ ਹਰਿਆਣਾ ਦੀ ਵੱਖਰੀ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਕਰਨ ਦੇ ਐਲਾਨ ਤੋਂ ਬਾਅਦ ਪੰਥਕ ਹਲਕਿਆਂ 'ਚ ਖਲਬਲੀ ਮਚੀ ਹੋਈ ਹੈ। ਐੱਸ. ਜੀ. ਪੀ. ਸੀ. ਦੇ ਪ੍ਰਧਾਨ ਅਤੇ ਹੋਰ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ।

ਸੋਮਵਾਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਕ ਵਾਰ ਫਿਰ ਹਰਿਆਣਾ 'ਚ ਰਹਿਣ ਵਾਲੇ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਾਂਗਰਸ ਪਾਰਟੀ ਦੀ ਇਸ ਚਾਲ ਨੂੰ ਸਮਝਣ। ਉਨ੍ਹਾਂ ਕਿਹਾ ਕਿ ਭਾਰਤ ਦੀ ਵੰਡ ਤੋਂ ਬਾਅਦ 1984 'ਚ ਸਿੱਖਾਂ ਦੇ ਖਿਲਾਫ ਕਾਰਵਾਈ ਕਾਂਗਰਸ ਪਾਰਟੀ ਨੇ ਹੀ ਕੀਤੀ ਸੀ ਅਤੇ ਸਿੱਖਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਜੱਥੇਦਾਰ ਨੇ ਕਿਹਾ ਕਿ ਹੁਣ ਕਾਂਗਰਸ ਪਾਰਟੀ ਹਰਿਆਣਾ 'ਚ ਸਿੱਖਾਂ ਨੂੰ ਵੱਖਰਾ ਕਰਨ ਦੀ ਚਾਲ ਚੱਲ ਰਹੀ ਹੈ, ਜਿਸ ਤੋਂ ਸਿੱਖਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਨੇ ਸਿੱਖਾਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਿੱਖ ਕੌਮ ਕਾਂਗਰਸ ਪਾਰਟੀ ਨੂੰ ਕਦੇ ਵੀ ਮਾਫ ਨਹੀਂ ਕਰੇਗੀ। ਨਾਲ ਹੀ ਉਨ੍ਹਾਂ ਆਦੇਸ਼ ਦਿੱਤਾ ਕਿ ਅੱਜ ਪੰਥ ਵਿਰੋਧੀ ਤਾਕਤਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਅਤੇ ਐੱਸ. ਜੀ. ਪੀ. ਸੀ. ਕਈ ਸ਼ਹਾਦਤਾਂ ਤੋਂ ਬਾਅਦ ਬਣੀ ਹੈ। ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਜੇਕਰ ਸਿੱਖ ਕੌਮ ਦੀ ਸ਼ਕਤੀ ਕਮਜ਼ੋਰ ਹੋਵੇਗੀ ਤਾਂ ਇਸ ਨਾਲ ਨੁਕਸਾਨ ਹੋਵੇਗਾ ਅਤੇ ਇਸ ਤੋਂ ਹਰ ਸਿੱਖ ਨੂੰ ਬਚਣ ਦੀ ਲੋੜ ਹੈ।