arrow

ਬਾਦਲ ਨੇ ਸਕੱਤਰਾਂ ਨੂੰ ਨਾਬਾਰਡ ਪਾਸੋਂ 500 ਕਰੋੜ ਰੁਪਏ ਹਾਸਲ ਕਰਨ ਲਈ ਆਖਿਆ

ਚੰਡੀਗੜ੍ਹ, 7 ਜੁਲਾਈ-

ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਸਾਰੇ ਵਿਭਾਗਾਂ ਤੇ ਏਜੰਸੀਆਂ ਨੂੰ ਆਖਿਆ ਕਿ ਪੇਂਡੂ ਬੁਨਿਆਦੀ ਢਾਂਚਾ ਵਿਕਾਸ ਫੰਡ (ਆਰ.ਆਈ.ਡੀ.ਐਫ.) ਅਧੀਨ ਚੱਲ ਰਹੇ ਪ੍ਰਾਜੈਕਟਾਂ ਤਹਿਤ ਪ੍ਰਵਾਨਤ 500 ਕਰੋੜ ਰੁਪਏ ਦੇ ਫੰਡ ਹਰ ਹਾਲ ਵਿੱਚ ਚਾਲੂ ਵਿੱਤੀ ਸਾਲ ਦੇ ਅੰਤ ਤੱਕ ਨਾਬਾਰਡ ਪਾਸੋਂ ਲੈ ਲਏ ਜਾਣ।

ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਵਿਖੇ ਨਾਬਾਰਡ ਦੇ ਚੀਫ ਜਨਰਲ ਮੈਨੇਜਰ ਸ੍ਰੀ ਨਰੇਸ਼ ਗੁਪਤਾ ਦੀ ਅਗਵਾਈ ਉਚ ਅਧਿਕਾਰੀਆਂ ਦੀ ਟੀਮ ਅਤੇ ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨਾਲ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਬਾਦਲ ਨੇ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਨੂੰ 31 ਮਾਰਚ, 2015 ਤੱਕ ਮੁਕੰਮਲ ਕਰਨਾ ਮੁੱਖ ਤਰਜੀਹ ਹੋਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਵਿਭਾਗਾਂ ਲਈ ਸਭ ਤੋਂ ਜ਼ਰੂਰੀ ਆਰ.ਆਈ.ਡੀ.ਐਫ. 12 ਤੇ 13 ਦੇ ਪ੍ਰਾਜੈਕਟ ਨਿਰਧਾਰਤ ਸਮੇਂ ਵਿੱਚ ਮੁਕੰਮਲ ਕਰਨਾ ਹੈ ਕਿਉਂ ਜੋ ਨਾਬਾਰਡ ਅਧਿਕਾਰੀਆਂ ਵੱਲੋਂ ਦਿੱਤੇ ਸੰਕੇਤ ਅਨੁਸਾਰ ਇਹ ਪ੍ਰਾਜੈਕਟ ਅਗਲੇ ਵਿੱਤੀ ਵਿੱਚ ਲਿਜਾਣ ਦੀ ਇਜਾਜ਼ਤ ਨਹੀਂ ਹੋਵੇਗੀ।

ਮੁੱਖ ਮੰਤਰੀ ਨੂੰ ਅਧੂਰੇ ਪ੍ਰਾਜੈਕਟਾਂ ਬਾਰੇ ਦਿੱਤੀ ਜਾਣਕਾਰੀ ਅਨੁਸਾਰ ਭੌਂ ਤੇ ਜਲ ਸੰਭਾਲ (70.80 ਕਰੋੜ ਰੁਪਏ), ਜਲ ਸਪਲਾਈ ਤੇ ਸੈਨੀਟੇਸ਼ਨ (75 ਕਰੋੜ ਰੁਪਏ), ਲੋਕ ਨਿਰਮਾਣ ਵਿਭਾਗ (132 ਕਰੋੜ ਰੁਪਏ), ਸਿੱਖਿਆ (22 ਕਰੋੜ ਰੁਪਏ), ਪਸ਼ੂ ਪਾਲਣ ਤੇ ਡੇਅਰੀ ਵਿਕਾਸ (52 ਕਰੋੜ ਰੁਪਏ), ਪੰਜਾਬ ਮੰਡੀ ਬੋਰਡ ( 137 ਕਰੋੜ ਰੁਪਏ) ਅਤੇ ਸਿੰਜਾਈ (65 ਕਰੋੜ ਰੁਪਏ) ਦੇ ਪ੍ਰਾਜੈਕਟ ਸ਼ਾਮਲ ਹਨ। ਸ. ਬਾਦਲ ਨੇ ਸਬੰਧਤ ਸਕੱਤਰਾਂ ਨੂੰ ਨਾਬਾਰਡ ਪਾਸੋਂ ਜਾਰੀ ਫੰਡ ਤੁਰੰਤ ਹਾਸਲ ਕਰਨ ਲਈ ਆਖਿਆ ਤਾਂ ਕਿ ਪਹਿਲਾਂ ਹੀ ਪ੍ਰਵਾਨਤ ਪ੍ਰਾਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨਾ ਯਕੀਨੀ ਬਣਾਇਆ ਜਾ ਸਕੇ।

ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਯਤਨਾਂ ਨੂੰ ਤੇਜ਼ ਕਰਦਿਆਂ ਮੁੱਖ ਮੰਤਰੀ ਨੇ ਵੱਖ-ਵੱਖ ਵਿਭਾਗਾਂ ਦੇ ਪ੍ਰਸ਼ਾਸਕੀ ਸਕੱਤਰਾਂ ਨੂੰ ਹਦਾਇਤ ਕੀਤੀ ਕਿ ਆਰ.ਆਈ.ਡੀ.ਐਫ-20 ਅਧੀਨ ਲਗਪਗ 700 ਕਰੋੜ ਰੁਪਏ ਲਈ ਵਿਸਥਾਰਤ ਪ੍ਰਾਜੈਕਟ ਰਿਪੋਰਟਾਂ ਤਿਆਰ ਕਰਕੇ ਨਾਬਾਰਡ ਨੂੰ ਸੌਂਪੀਆਂ ਜਾਣ ਤਾਂ ਇਨ੍ਹਾਂ ਵਿਕਾਸ ਪ੍ਰਾਜੈਕਟਾਂ ਲਈ ਫੰਡ ਛੇਤੀ ਹਾਸਲ ਹੋ ਸਕਣ। ਇਸ ਮੌਕੇ ਵਿਚਾਰ-ਚਰਚਾ ਵਿੱਚ ਹਿੱਸਾ ਲੈਂਦਿਆਂ ਨਾਬਾਰਡ ਦੇ ਚੀਫ ਜਨਰਲ ਮੈਨੇਜਰ ਸ੍ਰੀ ਨਰੇਸ਼ ਗੁਪਤਾ ਨੇ ਬੈਂਕ ਵੱਲੋਂ ਪਹਿਲਾਂ ਹੀ ਪ੍ਰਵਾਨਤ ਕੀਤੇ ਬਕਾਇਆ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੰਦਿਆਂ ਸਬੰਧਤ ਵਿਭਾਗਾਂ ਤੇ ਏਜੰਸੀਆਂ ਨੂੰ ਬਿਨਾਂ ਕਿਸੇ ਦੇਰੀ ਤੋਂ ਇਹ ਪ੍ਰਾਜੈਕਟ ਮੁਕੰਮਲ ਕਰਨ ਲਈ ਆਖਿਆ।