arrow

ਪੰਜਾਬ ਵੱਲੋਂ ਬਜਟ ਆਨਲਾਈਨ ਤਿਆਰ- ਢੀਂਡਸਾ

ਚੰਡੀਗੜ੍ਹ, 7 ਜੁਲਾਈ-

ਆਨਲਾਈਨ ਬਜਟ ਤਿਆਰ ਕਰਨ ਵਾਲੇ ਦੇਸ਼ ਦੇ ਗਿਣਵੇਂ ਸੂਬਿਆਂ 'ਚ ਪੰਜਾਬ ਵੀ ਸਫਲਤਾਪੂਰਵਕ ਸ਼ਾਮਲ ਹੋ ਗਿਆ ਹੈ। ਲਗਾਤਾਰ ਤੀਜੇ ਸਾਲ ਪੰਜਾਬ ਸਰਕਾਰ ਵੱਲੋਂ ਯੋਜਨਾ ਅਤੇ ਬਜਟ ਤਜਵੀਜ਼ਾਂ ਆਨਲਾਈਨ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਸੂਬੇ ਦੇ ਸਾਰੇ ਖਜ਼ਾਨਾ ਦਫਤਰਾਂ ਦੀਆਂ ਅਦਾਇਗੀਆਂ ਵੀ ਆਨਲਾਈਨ ਕਰਕੇ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਿਆ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਇਸ ਸਾਲ 'ਬਜਟ ਪੇਸ਼ਕਾਰੀਆਂ' ਦੀ ਆਨ ਲਾਈਨ ਸ਼ੁਰੂਆਤ ਕੀਤੀ ਗਈ ਹੈ। ਇਸ ਨਾਲ ਯੋਜਨਾ ਸਕੀਮਾਂ ਅਧੀਨ ਰੱਖੀ ਗਈ ਰਾਸ਼ੀ ਦਾ ਅਧਿਐਨ ਕਰਨਾ ਸੁਖਾਲਾ ਬਣ ਗਿਆ ਹੈ ਅਤੇ ਇਸ ਨਾਲ ਬਜਟ ਸਬੰਧੀ ਕਿਤਾਬਾਂ ਬਣਾਉਣੀਆਂ ਵੀ ਕਾਫੀ ਸੌਖੀਆਂ ਹੋ ਗਈਆਂ ਹਨ।

ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਵਿੱਤ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਬਜਟ ਅਤੇ ਯੋਜਨਾਵਾਂ ਦੀਆਂ ਤਿਆਰੀਆਂ ਦੇ ਪਹਿਲੇ ਪੜਾਅ 'ਚ ਵੱਖ-ਵੱਖ ਵਿਭਾਗਾਂ ਵੱਲੋਂ ਆਪਣੇ ਵਿੱਤੀ ਪ੍ਰਸਤਾਵ ਆਨਲਾਈਨ ਭੇਜੇ ਗਏ ਹਨ। ਇਨ੍ਹਾਂ ਪ੍ਰਸਤਾਵਾਂ ਦੀ ਘੋਖ ਵਿੱਤ ਵਿਭਾਗ ਅਤੇ ਯੋਜਨਾ ਬੋਰਡ ਦੇ ਸਬੰਧਤ ਅਫਸਰਾਂ ਵੱਲੋਂ ਕੀਤੀ ਜਾਂਦੀ ਹੈ ਅਤੇ ਦਿੱਤੀ ਗਈ ਜਾਣਕਾਰੀ ਨੂੰ ਪਿਛਲੇ ਸਾਲ ਦੀ ਬਜਟ ਰਾਸ਼ੀ ਨਾਲ ਤੁਲਨਾ ਕੀਤੀ ਜਾਂਦੀ ਹੈ। ਇਸ ਹਿਸਾਬ ਨਾਲ ਬਜਟ ਖਾਕਾ ਤਿਆਰ ਕੀਤਾ ਜਾ ਰਿਹਾ ਹੈ। ਇਹ ਸਾਰਾ ਕੰਮ ਆਨਲਾਈਨ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਸਾਰੇ ਕੰਮ ਨੂੰ ਕਰਨ 'ਚ ਟਾਟਾ ਕੰਸਲਟੈਂਸੀ ਦੀਆਂ ਸੇਵਾਵਾਂ ਲਈਆਂ ਗਈਆਂ ਹਨ ਜਿਨ੍ਹਾਂ ਦੀ ਇੰਟੈਗਰੇਟਡ ਫਾਈਨਾਂਸ਼ੀਅਲ ਮੈਨੇਜਮੈਂਟ ਸਿਸਟਮ (ਆਈਐਫਐੰਐਸ) ਰਾਹੀਂ ਬਜਟ ਆਨਲਾਈਨ ਤਿਆਰ ਕੀਤਾ ਜਾ ਰਿਹਾ ਹੈ। ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਇਸ ਗੱਲ ਦੀ ਖੁਸ਼ੀ ਪ੍ਰਗਟਾਈ ਹੈ ਕਿ ਪੰਜਾਬ ਅਜਿਹਾ ਸਫਲ ਸੂਬਾ ਬਣ ਗਿਆ ਹੈ ਜਿਸ ਨੇ ਆਪਣੇ ਵਿੱਤ ਪ੍ਰਬੰਧਨ ਨੂੰ ਅਜੋਕੀ ਤਕਨਾਲੋਜੀ ਦਾ ਸਹਾਰਾ ਲੈ ਕੇ ਸਮੇਂ ਦੇ ਹਾਣ ਦੀ ਬਣਾਇਆਂ ਹੈ।