arrow

ਜਨਰਲ ਸੁਹਾਗ ਦੀ ਨਿਯੁਕਤੀ 'ਤੇ ਰੋਕ ਤੋਂ ਸੁਪਰੀਮ ਕੋਰਟ ਦਾ ਇਨਕਾਰ

ਨਵੀਂ ਦਿੱਲੀ, 7 ਜੁਲਾਈ-

ਸੁਪਰੀਮ ਕੋਰਟ ਨੇ ਲੈਫਟੀਨੈਂਟ ਜਨਰਲ ਦਲਬੀਰ ਸਿੰਘ ਸੁਹਾਗ ਨੂੰ ਅਗਲਾ ਫੌਜ ਪ੍ਰਮੁੱਖ ਨਿਯੁਕਤ ਕਰਨ ਦੇ ਕੇਂਦਰ ਦੇ ਫੈਸਲੇ 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈਸ਼। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਇਸ ਮਾਮਲੇ 'ਚ ਇੱਕ ਅਰਜ਼ੀ 'ਤੇ ਸੁਣਵਾਈ ਦੇ ਦੌਰਾਨ ਕਿਹਾ ਕਿ ਜਨਰਲ ਸੁਹਾਗ ਦੀ ਨਿਯੁਕਤੀ 'ਤੇ ਰੋਕ ਨਹੀਂ ਲਗਾਈ ਜਾ ਸਕਦੀ ਹੈ।

ਸੁਹਾਗ ਦੇ ਅਗਲੇ ਭਾਰਤੀ ਥਲ ਫੌਜ ਪ੍ਰਮੁੱਖ ਦੇ ਰੂਪ 'ਚ ਚੋਣ ਕੀਤੇ ਜਾਣ ਦੀ ਪ੍ਰਕਿਰਆ ਨੂੰ ਚੁਣੌਤੀ ਦੇਣ ਨੂੰ ਲੈ ਕੇ ਇੱਕ ਅਰਜ਼ੀ ਸੁਪਰੀਮ ਕੋਰਟ 'ਚ ਦਰਜ ਕੀਤੀ ਗਈ ਸੀ, ਜਿਸ 'ਤੇ ਜੁਲਾਈ ਮਹੀਨੇ 'ਚ ਸੁਣਵਾਈ ਤੈਅ ਕੀਤੀ ਗਈ ਸੀ। ਸਰਵਉੱਚ ਅਦਾਲਤ ਦੇ ਜੱਜ ਵਿਕਰਮਜੀਤ ਸੇਨ ਤੇ ਜੱਜ ਸ਼ਿਵ ਕੀਰਤੀ ਸਿੰਘ ਦੀ ਪੀਠ ਨੇ ਉਸ ਸਮੇਂ ਲੈਫਟੀਨੈਂਟ ਜਨਰਲ ਸੁਹਾਗ ਨੂੰ ਪੂਰਬੀ ਕਮਾਂਡ ਦਾ ਪ੍ਰਮੁੱਖ ਬਣਾਏ ਜਾਣ ਨੂੰ ਚੁਣੋਤੀ ਦੇਣ ਵਾਲੀ ਲੈਫਟੀਨੈਂਟ ਜਨਰਲ ਰਵੀ ਦਸਤਾਨੇ ਦੀ ਅਰਜ਼ੀ 'ਤੇ ਜੁਲਾਈ ਮਹੀਨੇ 'ਚ ਸੁਣਵਾਈ ਦੇ ਨਿਰਦੇਸ਼ ਦਿੱਤੇ ਸਨ।

ਉਹ ਇੱਕ ਅਗਸਤ ਨੂੰ ਮੌਜੂਦਾ ਫੌਜੀ ਪ੍ਰਮੁੱਖ ਜਨਰਲ ਬਿਕਰਮ ਸਿੰਘ ਦਾ ਸਥਾਨ ਲੈਣਗੇ। ਦੱਸਣਯੋਗ ਹੈ ਕਿ ਬੀਤੇ ਦਿਨੀ ਰੱਖਿਆ ਮੰਤਰੀ ਅਰੁਣ ਜੇਤਲੀ ਨੇ ਵੀ ਜਨਰਲ ਸੁਹਾਗ ਦੀ ਨਿਯੁਕਤੀ ਨੂੰ ਠੀਕ ਠਹਿਰਾਇਆ ਸੀ। ਸਰਕਾਰ ਨੇ ਕਿਹਾ ਸੀ ਕਿ ਅਗਲੇ ਫੌਜ ਪ੍ਰਮੁੱਖ ਦੇ ਅਹੁਦੇ 'ਤੇ ਲੈ. ਜਨਰਲ ਦਲਬੀਰ ਸਿੰਘ ਸੁਹਾਗ ਦੀ ਨਿਯੁਕਤੀ ਦਾ ਫ਼ੈਸਲਾ ਅੰਤਿਮ ਹੈ ਤੇ ਫੌਜੀ ਬਲਾਂ ਨਾਲ ਜੁੜੇ ਮੁੱਦਿਆਂ ਨੂੰ ਰਾਜਨੀਤੀ ਤੋਂ ਵੱਖ ਰੱਖਿਆ ਜਾਣਾ ਚਾਹੀਦਾ ਹੈ।