arrow

ਡੇਢ ਸਾਲ 'ਚ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਵਾਂਗੇ- ਬਾਦਲ

ਫਿਰੋਜ਼ਪੁਰ 7 ਜੁਲਾਈ-

ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਅੱਜ ਫਿਰੋਜ਼ਪੁਰ ਜ਼ਿਲਾ ਮੁੱਖ ਦਫਤਰ 'ਤੇ ਸਥਾਪਿਤ ਕੀਤੇ ਗਏ ਨਸ਼ਾ ਛੁਡਾਊ ਕੇਂਦਰ ਦਾ ਦੌਰਾ ਕੀਤਾ ਅਤੇ ਕੇਂਦਰ ਵਿਚ ਦਾਖਲ ਹੋਏ ਲੋਕਾਂ ਦਾ ਹਾਲਚਾਲ ਪੁੱਛਿਆ। 

ਇਸ ਮੌਕੇ ਪ੍ਰੈੱਸ ਕਾਨਫਰੰਸ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਅਗਲੇ ਡੇਢ ਸਾਲ ਤੱਕ ਨਸ਼ਾ ਮੁਕਤ ਕਰਨਾ ਹੈ ਅਤੇ ਇਸ ਕੰਮ ਵਿਚ ਐੱਨ. ਜੀ. ਓ. ਅਤੇ ਸਮਾਜਿਕ ਧਾਰਮਿਕ ਸੰਗਠਨਾਂ ਦਾ ਸਹਿਯੋਗ ਲਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਹਰ ਜ਼ਿਲੇ ਵਿਚ ਅਸੀਂ ਸੁਸਾਇਟੀਆਂ ਦਾ ਗਠਨ ਕਰਾਂਗੇ। ਸ. ਬਾਦਲ ਨੇ ਦੱਸਿਆ ਕਿ ਜ਼ਿਲਾ ਪੱਧਰ 'ਤੇ ਗਠਿਤ ਕੀਤੇ ਗਏ ਸੈਂਟਰ ਪੀ. ਜੀ. ਆਈ. ਦੇ ਡਾ. ਅਵਸਥੀ ਦੀ ਦੇਖ-ਰੇਖ ਵਿਚ ਚੱਲਣਗੇ ਅਤੇ ਕੇਂਦਰਾਂ ਦੇ ਡਾਕਟਰ ਅਤੇ ਜ਼ਿਲਾ ਪੱਧਰ 'ਤੇ ਗਠਿਤ ਸੁਸਾਇਟੀਆਂ ਡਾ. ਅਵਸਥੀ ਨਾਲ ਸੰਪਰਕ ਕਰਨਗੀਆਂ।

ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ ਸ਼੍ਰੀ ਬਾਦਲ ਨੇ ਕਿਹਾ ਕਿ ਨਸ਼ਾ ਛੁਡਾਊ ਕੇਂਦਰਾਂ ਵਿਚ ਮਾਹਿਰ ਡਾਕਟਰਾਂ ਦੀ ਭਰਤੀ ਲਈ ਸਾਡੇ ਯਤਨ ਜਾਰੀ ਹਨ, ਜਲਦੀ ਹੀ ਡਾਕਟਰਾਂ ਦੀ ਭਰਤੀ ਕਰ ਲਈ ਜਾਵੇਗੀ। ਉਨ੍ਹਾਂ ਨਸ਼ਾ ਕਰਨ ਵਾਲੇ ਲੋਕਾਂ ਨੂੰ ਨਸ਼ਾ ਛੱਡਣ ਲਈ ਮਾਨਸਿਕ ਤੌਰ 'ਤੇ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ।

22 ਮੁੜ ਵਸੇਬਾ ਕੇਂਦਰ ਸਥਾਪਿਤ ਕੀਤੇ ਜਾਣਗੇ- ਬਾਦਲ-ਬਰਨਾਲਾ, (ਵਿਵੇਕ ਸਿੰਧਵਾਨੀ)-ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਨਸ਼ਾ ਛੁਡਾਊ ਕੇਂਦਰਾਂ ਦੇ ਸ਼ੁਰੂ ਕੀਤੇ ਦੌਰਿਆਂ ਦੇ ਦੂਜੇ ਦਿਨ ਨਸ਼ਾ ਛੁਡਾਊ ਕੇਂਦਰ ਬਰਨਾਲਾ ਦਾ ਦੌਰਾ ਕੀਤਾ। ਇਸ ਮੌਕੇ ਬਾਦਲ ਨੇ ਨਸ਼ਿਆਂ ਤੋਂ ਮੁਕਤੀ ਪਾਉਣ ਦੇ ਚਾਹਵਾਨਾਂ ਦੇ ਮੁੜ ਵਸੇਬੇ ਲਈ ਬਰਨਾਲਾ ਵਿਖੇ 8 ਏਕੜ ਜ਼ਮੀਨ 'ਚ ਇਕ ਅਤਿ ਆਧੁਨਿਕ ਮੁੜ ਵਸੇਬਾ ਕੇਂਦਰ ਬਣਾਉਣ ਦਾ ਐਲਾਨ ਕੀਤਾ ਅਤੇ ਨਸ਼ਾ ਛੁਡਾਊ ਕੇਂਦਰ ਬਰਨਾਲਾ ਦੀ ਚਾਰਦੀਵਾਰੀ ਉਸਾਰਨ ਤੇ ਇੱਥੇ ਲੋੜੀਂਦੀਆਂ ਹੋਰ ਸਹੂਲਤਾਂ ਤੁਰੰਤ ਪ੍ਰਦਾਨ ਕਰਨ ਦੇ ਆਦੇਸ਼ ਦਿੱਤੇ।

ਕੇਂਦਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਬਾਦਲ ਨੇ ਸੂਬੇ 'ਚ ਨਸ਼ਾ ਮੁਕਤੀ ਸਬੰਧੀ ਚੱਲ ਰਹੀ ਮੁਹਿੰਮ 'ਤੇ ਤਸੱਲੀ ਦਾ ਇਜ਼ਹਾਰ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਨਸ਼ਿਆਂ ਦੇ ਮਨੁੱਖਤਾ ਵਿਰੋਧੀ ਕਾਲੇ ਕਾਰੋਬਾਰ 'ਚ ਲੱਗੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਕਿਸੇ ਵੀ ਵੱਡੇ ਅਹੁਦੇ 'ਤੇ ਬਿਰਾਜਮਾਨ ਹੋਵੇ। ਨਸ਼ਿਆਂ ਦੀ ਦਲਦਲ 'ਚ ਫਸੇ ਲੋਕਾਂ ਨੂੰ ਇਸ ਚੋਂ ਬਾਹਰ ਕੱਢਣ ਲਈ ਅਗਲੇ ਤਿੰਨਾਂ ਮਹੀਨਿਆਂ ਦੌਰਾਨ ਰਾਜ '22 ਮੁੜ ਵਸੇਬਾ ਕੇਂਦਰ ਸਥਾਪਿਤ ਕੀਤੇ ਜਾਣਗੇ ਅਤੇ ਇਨ੍ਹਾਂ ਲਈ ਇਮਾਰਤਾਂ ਦੀ ਉਸਾਰੀ ਭਾਰਤ ਸਰਕਾਰ ਦੀ ਮਾਨਤਾ ਪ੍ਰਾਪਤ ਏਜੰਸੀ ਐੱਨ.ਬੀ.ਸੀ.ਸੀ. ਕਰੇਗੀ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਚੇਅਰਮੈਨਸ਼ਿਪ ਅਧੀਨ ਰਾਜ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਲੋਂ ਇਨ੍ਹਾਂ ਮੁੜ ਵਸੇਬਾ ਕੇਂਦਰਾਂ ਦੇ ਕੰਮ ਕਾਜ ਦਾ ਮੁਲਾਂਕਣ ਕੀਤਾ ਜਾਵੇਗਾ ਤੇ ਜ਼ਿਲਾ ਪੱਧਰ 'ਤੇ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਇਨ੍ਹਾਂ ਮੁੜ ਵਸੇਬਾ ਕੇਂਦਰਾਂ ਦਾ ਸਮੁੱਚਾ ਪ੍ਰਬੰਧ ਕੀਤਾ ਜਾਵੇਗਾ ਅਤੇ ਇਸ 'ਚ ਸਮਾਜ ਸੇਵੀ ਜਥੇਬੰਦੀਆਂ ਤੇ ਆਮ ਲੋਕਾਂ ਦਾ ਵੀ ਸਹਿਯੋਗ ਲਿਆ ਜਾਵੇਗਾ। ਨਸ਼ਾ ਮੁਕਤੀ ਮੁਹਿੰਮ ਲਈ ਫੰਡਾਂ ਤੇ ਹੋਰ ਵਸੀਲਿਆਂ ਦੀ ਕੋਈ ਘਾਟ ਕਮੀ ਨਹੀਂ ਆਉਣ ਦਿੱਤੀ ਜਾਵੇਗੀ।