arrow

ਵੱਖਰੀ ਕਮੇਟੀ ਬਣਾਉਣਾ ਹਰਿਆਣਾ ਦੇ ਅਧਿਕਾਰ ਖੇਤਰ 'ਚ ਨਹੀਂ- ਸੁਖਬੀਰ

ਚੰਡੀਗੜ੍ਹ 7 ਜੁਲਾਈ-

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵਲੋਂ ਆਪਣੇ ਸੂਬੇ ਲਈ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ  ਸਥਾਪਿਤ ਕਰਨ ਦਾ ਐਲਾਨ ਕਰਨ ਦੀ ਤੁਲਨਾ ਇਕ ਡੁੱਬਦੇ ਹੋਏ ਵਿਅਕਤੀ ਵਲੋਂ ਸੁੱਟੀ ਗਈ ਆਖਰੀ ਕੌਡੀ ਨਾਲ ਕੀਤੀ ਹੈ।

ਇਕ ਬਿਆਨ ਵਿਚ ਸੁਖਬੀਰ ਨੇ ਕਿਹਾ ਕਿ ਆਪਣੇ ਸੂਬੇ ਲਈ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣਾ ਹਰਿਆਣਾ ਸਰਕਾਰ ਦੇ ਅਧਿਕਾਰ ਖੇਤਰ ਵਿਚ ਨਹੀਂ ਹੈ। ਬੜੇ ਦੁੱਖ ਦੀ ਗੱਲ ਹੈ ਕਿ ਸਾਰਾ ਕੁਝ ਜਾਣਦੇ ਹੋਏ ਵੀ ਹੁੱਡਾ ਨੇ ਅੱਜ ਕੈਥਲ ਵਿਚ ਇਸ ਤਰ੍ਹਾਂ ਦੀ ਡਰਾਮੇਬਾਜ਼ੀ ਕੀਤੀ ਹੈ। ਸਿੱਖਾਂ ਨੂੰ ਵੰਡਣ ਦੀ ਇਸ ਚਾਲ ਪਿੱਛੇ ਹੁੱਡਾ ਨਹੀਂ ਸਗੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਦਿਮਾਗ ਕੰਮ ਕਰ ਰਿਹਾ ਹੈ।

ਬਾਕੀ ਲੋਕਾਂ ਨੂੰ ਤਾਂ ਸਿਰਫ਼ ਮੋਹਰਿਆਂ ਦੇ ਵਾਂਗ ਹੀ ਵਰਤਿਆ ਜਾ ਰਿਹਾ ਹੈ ਪਰ ਕਾਂਗਰਸ ਪ੍ਰਧਾਨ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਮਾਂ ਬਦਲ ਗਿਆ ਹੈ ਤੇ ਸਿੱਖ ਭਾਈਚਾਰਾ ਆਪਣੇ ਧਾਰਮਿਕ ਮਾਮਲਿਆਂ ਵਿਚ ਕਿਸੇ ਵੀ ਤਰ੍ਹਾਂ ਦੇ ਦਖਲ ਨੂੰ ਬਰਦਾਸ਼ਤ ਨਹੀਂ ਕਰੇਗਾ। ਕੈਥਲ ਵਿਚ ਅੱਜ ਦੇ ਘਟਨਾਕ੍ਰਮ 'ਤੇ ਟਿੱਪਣੀ ਕਰਦਿਆਂ ਸੁਖਬੀਰ ਨੇ ਕਿਹਾ ਕਿ ਬੜੇ ਸ਼ਰਮ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਨੇ ਆਪਣੇ ਇਸ ਇਰਾਦੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਜਨਤਾ ਵਲੋਂ ਨਕਾਰੇ ਗਏ ਸਿੱਖ ਨੇਤਾਵਾਂ ਦਾ ਸਹਾਰਾ ਲਿਆ। ਬੜੀ ਮਾੜੀ ਗੱਲ ਹੈ ਕਿ ਇਹ ਸਿੱਖ ਨੇਤਾ ਇੰਨਾ ਡਿੱਗ ਗਏ ਹਨ ਕਿ ਉਹ ਸੋਨੀਆ ਗਾਂਧੀ ਦੇ ਪਿੱਠੂ ਬਣ ਬੈਠੇ।