arrow

ਸੰਸਦ ਦਾ ਬਜਟ ਸੈਸ਼ਨ ਅੱਜ ਤੋਂ

ਨਵੀਂ ਦਿੱਲੀ 7 ਜੁਲਾਈ-

ਸੰਸਦ ਦਾ ਬਜਟ ਸੈਸ਼ਨ ਸੋਮਵਾਰ ਯਾਨੀ ਕਿ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਜਿਸ ਵਿਚ ਐਨ. ਡੀ. ਏ. ਸਰਕਾਰ ਦਾ ਪਹਿਲਾ ਬਜਟ ਵਿੱਤ ਮੰਤਰੀ ਅਰੁਣ ਜੇਤਲੀ 10 ਜੁਲਾਈ ਨੂੰ ਪੇਸ਼ ਕਰਨਗੇ। ਅੱਠ ਜੁਲਾਈ ਨੂੰ ਸੰਸਦ ਵਿਚ ਰੇਲ ਬਜਟ ਪੇਸ਼ ਕੀਤਾ ਜਾਵੇਗਾ ਅਤੇ 9 ਜੁਲਾਈ ਨੂੰ ਆਰਥਕ ਸਰਵਖੇਣ ਜਾਰੀ ਕੀਤਾ ਜਾਵੇਗਾ। ਉੱਥੇ ਹੀ ਵਿਰੋਧੀ ਧਿਰ ਮਹਿੰਗਾਈ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਨ ਦੀ ਤਿਆਰੀ ਵਿਚ ਹੈ।

ਬਜਟ ਸੈਸ਼ਨ 14 ਜੁਲਾਈ ਤੱਕ ਚਲੇਗਾ ਅਤੇ ਇਸ ਦੌਰਾਨ 28 ਬੈਠਕਾਂ ਹੋਣਗੀਆਂ ਜਿਸ ਵਿਚ 168 ਘੰਟੇ ਕੰਮਕਾਜ ਲਈ ਉਪਲੱਬਧ ਹੋਣਗੇ। ਸਰਕਾਰ ਨੇ ਕਿਹਾ ਕਿ ਉਹ ਸਦਨ 'ਚ ਕਿਸੇ ਵੀ ਮਸਲੇ 'ਤੇ ਚਰਚਾ ਲਈ ਤਿਆਰ ਹਨ। ਸੰਸਦੀ ਕਾਰਜ ਮੰਤਰੀ ਵੈਂਕਈਆ ਨਾਇਡੂ ਨੇ ਵਿਰੋਧੀ ਧਿਰ ਨੂੰ ਅਪੀਲ ਕੀਤੀ ਹੈ ਕਿ ਸਦਨ ਦੇ ਸੁਚਾਰੂ ਸੰਚਾਲਣ ਅਤੇ ਇਸ ਦੀ ਮਰਿਆਦਾ ਬਰਕਰਾਰ ਰੱਖਣ ਵਿਚ ਮੈਂਬਰ ਸਰਕਾਰ ਦਾ ਸਹਿਯੋਗ ਕਰਨ। ਬਜਟ ਸੈਸ਼ਨ ਦੌਰਾਨ ਸਦਨ ਦੇ ਸੰਚਾਲਣ ਲਈ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਵਲੋਂ ਸ਼ਨੀਵਾਰ ਨੂੰ ਬੁਲਾਈ ਗਈ ਵੱਖ-ਵੱਖ ਰਾਜਨੀਤਕ ਦਲਾਂ ਦੀ ਬੈਠਕ ਵਿਚ ਵਿਰੋਧੀ ਪਾਰਟੀਆਂ ਨੇ ਉਨ੍ਹਾਂ ਨੂੰ ਸਦਨ ਦੇ ਸੁਚਾਰੂ ਸੰਚਾਲਨ ਵਿਚ ਸਹਿਯੋਗ ਦਾ ਭਰੋਸਾ ਦਿੱਤਾ ਹੈ।

ਵਿਰੋਧੀ ਪਾਰਟੀਆਂ ਸੰਸਦ ਦੇ ਬਜਟ ਸੈਸ਼ਨ ਦੌਰਾਨ ਮਹਿੰਗਾਈ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਨ ਦੀ ਤਿਆਰੀ ਵਿਚ ਹੈ। ਵਿਰੋਧੀ ਧਿਰ ਨੇ ਕਿਹਾ ਕਿ ਉਹ ਸੈਸ਼ਨ ਦੌਰਾਨ ਮਹਿੰਗਾਈ ਅਤੇ ਰੇਲ ਕਿਰਾਏ 'ਚ ਕੀਤੀ ਗਏ ਹਾਲ ਹੀ 'ਚ ਵਾਧੇ ਦੇ ਮੁੱਦੇ ਨੂੰ ਉਠਾਏਗਾ। ਕੁਝ ਪਾਰਟੀਆਂ ਵਲੋਂ ਭਾਰਤੀ ਮਛੇਰਿਆਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਮੁੱਦਾ ਵੀ ਉਠਾਉਣ ਦੀ ਗੱਲ ਕਹੀ ਹੈ। ਉਨ੍ਹਾਂ ਨੇ ਕਿਹਾ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਇਰਾਕ ਵਿਚ ਭਾਰਤੀਆਂ ਦੀ ਸਥਿਤੀ 'ਤੇ ਦੋਹਾਂ ਸਦਨਾਂ ਵਿਚ ਬਿਆਨ ਦੇਵੇਗੀ।