arrow

ਭਾਜਪਾ ਨੂੰ ਵੋਟ ਪਾਓ, ਬਿਹਾਰ ਦੀ ਲਾੜੀ ਪਾਓ

ਨਵੀਂ ਦਿੱਲੀ 7 ਜੁਲਾਈ-

ਨਰਿੰਦਰ ਮੋਦੀ ਦੀਆਂ ਸਭ ਹਦਾਇਤਾਂ ਦੇ ਬਾਵਜੂਦ  ਭਾਜਪਾ  ਆਗੂਆਂ  ਦੇ ਵਾਦ-ਵਿਵਾਦ ਵਾਲੇ ਬਿਆਨ ਜਾਰੀ ਹਨ। ਤਾਜ਼ਾ ਵਿਵਾਦ ਭਾਜਪਾ  ਕਿਸਾਨ  ਸੈੱਲ ਦੇ ਕੌਮੀ ਪ੍ਰਧਾਨ ਓ. ਪੀ. ਧਨੱਕੜ ਦਾ ਹੈ ਜਿਨ੍ਹਾਂ ਹਰਿਆਣਾ ਦੇ  ਨੌਜਵਾਨਾਂ ਨਾਲ ਵਾਅਦਾ ਕੀਤਾ ਹੈ ਕਿ  ਜੇ ਉਹ  ਭਾਜਪਾ  ਨੂੰ ਵੋਟ ਪਾਉਣਗੇ ਤਾਂ ਉਨ੍ਹਾਂ  ਦਾ ਵਿਆਹ ਕਰਵਾ ਦਿਤਾ ਜਾਵੇਗਾ।

ਹਰਿਆਣਾ ਦੇ ਜੀਂਦ ਵਿਖੇ ਉਨ੍ਹਾਂ ਕਿਹਾ ਕਿ ਸੂਬੇ 'ਚ ਮੁੰਡੇ-ਕੁੜੀ ਦਾ ਅਨੁਪਾਤ  ਘੱਟ  ਹੋਣ ਕਾਰਨ ਮੁੰਡਿਆਂ ਦੇ ਵਿਆਹ ਨਹੀਂ ਹੋ ਰਹੇ। ਉਹ ਬਿਹਾਰ ਦੇ ਗਰੀਬ ਇਲਾਕਿਆਂ 'ਚੋਂ ਲਾੜੀਆਂ ਲੱਭ ਕੇ ਲਿਆ ਰਹੇ ਹਨ। ਬਿਹਾਰ ਦੇ ਉਪ ਮੁੱਖ ਮੰਤਰੀ ਰਹਿ ਚੁੱਕੇ ਸੁਸ਼ੀਲ ਮੋਦੀ ਮੇਰੇ ਦੋਸਤ ਹਨ। ਮੈਂ ਭਾਜਪਾ ਨੂੰ ਵੋਟ ਪਾਉਣ ਵਾਲੇ ਮੁੰਡਿਆਂ ਦੇ ਰਿਸ਼ਤੇ ਬਿਹਾਰ ਤੋਂ ਲਿਆ ਕੇ ਦੇਵਾਂਗਾ। ਧਨੱਕੜ ਦੇ ਇਸ ਬਿਆਨ 'ਤੇ ਹੋਰਨਾਂ ਪਾਰਟੀਆਂ ਨੇ ਤਿੱਖਾ ਇਤਰਾਜ਼ ਕੀਤਾ ਹੈ। ਜਨਤਾ ਦਲ (ਯੂ) ਨੇ  ਧਨੱਕੜ  ਦੀ ਗ੍ਰਿਫਤਾਰੀ ਦੀ ਮੰਗ  ਕੀਤੀ ਹੈ।

ਪਾਰਟੀ ਆਗੂ ਅਲੀ ਅਨਵਰ  ਨੇ ਕਿਹਾ ਕਿ ਇਹ ਬੇਹੱਦ ਇਤਰਾਜ਼ਯੋਗ ਬਿਆਨ ਹੈ। ਇਹ ਬਿਹਾਰ ਅਤੇ ਨਾਰੀ ਜਾਤੀ ਦਾ ਅਪਮਾਨ ਹੈ। ਇਸ ਜ਼ਹਿਰੀਲੇ ਬਿਆਨ  ਲਈ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਐੱਨ. ਸੀ. ਪੀ. ਦੇ ਇਕ ਆਗੂ ਤਾਰਿਕ ਅਨਵਰ ਨੇ ਕਿਹਾ ਹੈ ਕਿ ਧਨੱਕੜ ਨੂੰ ਆਪਣੇ ਇਸ ਘਟੀਆ ਬਿਆਨ ਲਈ ਮੁਆਫੀ ਮੰਗਣੀ ਚਾਹੀਦੀ ਹੈ।