arrow

ਲੰਮੀ ਉਮਰ ਲਈ ਆਰਾਮ ਵੀ ਜ਼ਰੂਰੀ

ਨਵੀਂ ਦਿੱਲੀ 7 ਜੁਲਾਈ-

ਜੇ ਤੁਸੀਂ 50 ਸਾਲ ਤੋਂ ਉੱਪਰ ਦੇ ਹੋ ਗਏ ਹੋ ਅਤੇ ਲੰਮੀ ਉਮਰ ਭੋਗਣਾ ਚਾਹੁੰਦੇ ਹੋ ਤਾਂ ਜ਼ਿਆਦਾ ਕੰਮ ਕਰਨਾ ਛੱਡ ਕੇ ਆਰਾਮ ਫਰਮਾਓ। ਇਹ ਕਹਿਣਾ ਹੈ ਜਰਮਨੀ ਦੇ ਵਿਗਿਆਨੀ ਪੀਟਰ ਐਕਸਟ ਦਾ।

ਲੰਮੀ ਉਮਰ ਸੰਬੰਧੀ ਇਕ ਖੋਜ ਦੇ ਨਤੀਜਿਆਂ ਦੇ ਆਧਾਰ 'ਤੇ ਪ੍ਰੋ. ਐਕਸਟ ਨੇ ਕਿਹਾ ਹੈ ਕਿ ਲੰਮੀ ਦੂਰੀ ਤਕ ਦੌੜਨ ਵਾਲਿਆਂ ਦੀ ਬਜਾਏ ਘਰ ਵਿਚ ਬੈਠ ਕੇ ਆਰਾਮ ਕਰਨ ਵਾਲੇ ਅਤੇ ਸਕਵੈਸ਼ ਖੇਡਣ ਦੀ ਬਜਾਏ ਦੁਪਹਿਰ ਦੀ ਨੀਂਦ ਲੈਣ ਵਾਲੇ ਵਿਅਕਤੀਆਂ ਦੇ ਜ਼ਿਆਦਾ ਸਮੇਂ ਤਕ ਜਿਊਂਦੇ ਰਹਿਣ ਦੀ ਸੰਭਾਵਨਾ ਰਹਿੰਦੀ ਹੈ। ਪ੍ਰੋ. ਐਕਸਟ ਨੇ ਇਹ ਵੀ ਕਿਹਾ ਹੈ ਕਿ ਵਿਹਲੇ ਸਮੇਂ 'ਚ ਹੌਲੀ-ਹੌਲੀ ਘੁੰਮਣਾ-ਫਿਰਨਾ ਅਤੇ ਭੁੱਖ ਨਾਲੋਂ ਜ਼ਿਆਦਾ ਨਾ ਖਾਣਾ ਹੀ ਚੰਗੀ ਸਿਹਤ ਦੀ ਨਿਸ਼ਾਨੀ ਹੈ ਪਰ ਬਹੁਤ ਜਲਦੀ-ਜਲਦੀ ਤੁਰਨਾ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਉਨ੍ਹਾਂ ਅਨੁਸਾਰ 50 ਸਾਲ ਤੋਂ ਉੱਪਰ ਦੀ ਉਮਰ ਦੇ ਵਿਅਕਤੀ ਹੋਰ ਕੰਮਾਂ ਲਈ ਰਾਖਵੀਂ ਊਰਜਾ ਦੀ ਵਰਤੋਂ ਕਰ ਕੇ ਲੰਮੀ ਦੂਰੀ ਤਕ ਦੌੜ ਲਗਾਉਂਦੇ ਹਨ ਅਤੇ ਇਹੋ ਕਾਰਨ ਹੈ ਕਿ ਉਨ੍ਹਾਂ ਦੀ ਯਾਦ-ਸ਼ਕਤੀ ਇਸ ਉਮਰ ਵਿਚ ਅਕਸਰ ਕਮਜ਼ੋਰ ਹੋ ਜਾਂਦੀ ਹੈ ਅਤੇ ਉਹ ਸਮੇਂ ਤੋਂ ਪਹਿਲਾਂ ਹੀ ਸਠਿਆ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਵਿਚ ਚਿੜਚਿੜੇਪਨ ਵਰਗੀਆਂ ਆਦਤਾਂ ਦਾ ਜਨਮ ਹੁੰਦਾ ਹੈ।

ਸਿਰਫ ਇੰਨਾ ਹੀ ਨਹੀਂ, ਪ੍ਰੋ. ਪੀਟਰ ਨੇ ਤੜਕੇ ਉੱਠਣ ਨੂੰ ਪੂਰੇ ਦਿਨ ਦੀ ਸੁਸਤੀ ਦਾ ਪ੍ਰਮੁੱਖ ਕਾਰਨ ਦੱਸਦਿਆਂ ਸੂਰਜ ਨਿਕਲਣ ਤੋਂ ਬਾਅਦ ਤਕ ਸੌਣ ਦੀ ਸਲਾਹ ਵੀ ਦਿੱਤੀ ਹੈ। ਉਂਝ ਵੀ ਬਜ਼ੁਰਗ ਅਵਸਥਾ ਆਉਣ 'ਤੇ ਵਿਅਕਤੀਆਂ ਦੀ ਕੰਮ ਕਰਨ ਦੀ ਸਮਰੱਥਾ ਘਟ ਜਾਂਦੀ ਹੈ, ਜਿਸ ਨੂੰ ਦੇਖਦਿਆਂ ਆਰਾਮ ਕਰਨਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਸ ਲਿਹਾਜ਼ ਨਾਲ ਉਨ੍ਹਾਂ ਨੂੰ ਜ਼ਿਆਦਾ ਆਰਾਮ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।