arrow

ਹਰਸਿਮਰਤ ਬਾਦਲ ਵਲੋਂ ਦੇਸ਼ ਭਰ ਦਾ ਫੂਡ ਮੈਪ ਬਣਾਉਣ ਦੇ ਨਿਰਦੇਸ਼

ਲੁਧਿਆਣਾ, 5 ਜੁਲਾਈ-

ਕੇਂਦਰੀ ਫੂਡ ਪੋਸੈਸਿੰਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰਬਾਦਲ ਨੇ ਦੇਸ਼ ਵਿਚ ਸੂਬਿਆਂ ਦੀਆਂ ਮੁੱਖ ਫਸਲਾਂ ਤੇ ਲੋੜਾਂ ਅਨੁਸਾਰ 'ਫੂਡ ਮੈਪ' ਬਣਾਉਣ ਦੇ ਹੁਕਮ ਦਿੱਤੇ ਹਨ ਤਾਂ ਜੋ ਉਨ੍ਹਾਂ ਸੂਬਿਆਂ ਵਲੋਂ ਉਤਪਾਦਨ ਕੀਤੀਆਂ ਜਾਂਦੀਆਂ ਮੁੱਖ ਫਸਲਾਂ ਦੀ ਪ੍ਰੋਸੈਸਿੰਗ ਕਰਕੇ ਕਿਸਾਨਾਂ ਨੂੰ ਬਾਜ਼ਾਰ ਵਿਚ ਵਾਧੂ ਮੁੱਲ ਮਿਲ ਸਕੇ।

ਅੱਜ ਇੱਥੇ ਸਿਫਟ (ਸੈਂਟਰ ਇੰਸਟੀਚਿਊਟ ਆਫ ਪੋਸਟ ਹਾਰਵੈਸਟ ਇੰਜੀਨੀਅਰਿੰਗ ਐਂਡ ਟੈਕਨਾਲੌਜੀ) ਵਿਖੇ ਫੂਡ ਪੋਸਸੈਸਿੰਗ ਦੇ ਕੇਂਦਰੀ ਸਕੱਤਰ ਸ੍ਰੀ ਯੂ. ਵੈਂਕਵੇਸ਼ਵਰ, ਪੰਜਾਬ ਦੇ ਖੇਤੀ ਵਿਭਾਗ ਦੇ ਵਿੱਤ ਕਮਿਸ਼ਨਰ ਵਿਕਾਸ ਤੇ ਹੋਰਨਾਂ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਸ੍ਰੀਮਤੀ ਬਾਦਲ ਨੇ ਫੂਡ ਮੈਪ ਜ਼ਰੀਏ ਕਿਸਾਨਾਂ ਨੂੰ ਪਹਿਲਾਂ ਸੂਬਾ, ਜਿਲ੍ਹਿਆ ਤੇ ਪਿੰਡ ਪੱਧਰ 'ਤੇ ਉਨ੍ਹਾਂ ਵਲੋਂ ਉਤਾਪਦਿਤ ਕੀਤੀਆਂ ਫਸਲਾਂ ਦੀ ਪ੍ਰੋਸੈਸਿੰਗ ਸਹੂਲਤ ਪ੍ਰਦਾਨ ਕੀਤੀ ਜਾਵੇਗੀ।

ਸਿਫਟ ਦੇ ਡਾਇਰੈਕਟਰ ਵਲੋਂ ਦੇਸ਼ ਭਰ ਵਿਚ 116 ਜਿਲਿਆਂ ਵਿਚ ਕੀਤੇ ਸਰਵੇ ਦੇ ਆਧਾਰ 'ਤੇ ਦੱਸਿਆ ਗਿਆ ਕਿ ਸਾਲਾਨਾ 44000 ਕਰੋੜ ਰੁਪੈ ਦਾ ਖੇਤੀ ਉਤਪਾਦਨ ਨਸ਼ਟ ਹੁੰਦਾ ਹੈ,ਜਿਸਦਾ ਮੁੱਖ ਕਾਰਨ ਕਟਾਈ, ਵਢਾਈ , ਢੋਆ ਢੁਆਈ, ਤੇ ਸਟੋਰੇਜ਼ ਦੌਰਾਨ ਉਸਦੀ ਸਹੀ ਸਾਂਭ ਸੰਭਾਲ ਨਾ ਹੋਣਾ ਹੈ। ਇਹ ਸਰਵੇ 45 ਫਸ਼ਲਾਂ 'ਤੇ ਕੀਤਾ ਗਿਆ ਸੀ, ਜਿਸ ਵਿਚ ਪੰਜਾਬ ਦੀਆਂ ਝੋਨਾ, ਕਣਕ ਤੇ ਮੱਕੀ ਮੁੱਖ ਤੌਰ 'ਤੇ ਸ਼ਾਮਿਲ ਸਨ। ਇਸ ਬਾਰੇ ਸ੍ਰੀਮਤੀ ਬਾਦਲ ਨੇ ਕਿਹਾ ਕਿ ਫੂਡ ਪ੍ਰੋਸੈਸਿੰਗ ਮੰਤਰਾਲੇ ਵਲੋਂ ਅਗਲੇ 2 ਸਾਲਾਂ ਦੌਰਾਨ ਇਸਨੂੰ 50 ਫੀਸਦੀ ਤੱਕ ਘਟਾਕੇ ਮਹਿੰਗਾਈਕਾਬੂ ਕਰਨ ਵਿਚ ਵੱਡਾ ਯੋਗਦਾਨ ਪਾਉਣਾ ਹੈ।

ਪੰਜਾਬ ਵਿਚ ਫੂਡ ਪ੍ਰੋਸੈਸਿੰਗ ਬਾਰੇ ਗੱਲ ਕਰਦਿਆਂ ਸ੍ਰੀਮਤੀ ਬਾਦਲ ਨੇ ਕਿਹਾ ਕਿ 'ਪੰਜਾਬ ਦੇ ਕਿਸਾਨ ਫਸਲ ਉਤਪਾਦਨ ਲਈ ਦੁਨੀਆਂ ਭਰ ਵਿਚ ਜਾਣੇ ਜਾਂਦੇ ਹਨ ਤੇ ਉਹ ਸਾਰੇ ਦੇਸ਼ ਦਾ ਢਿੱਡ ਭਰ ਰਹੇ ਹਨ, ਪਰ ਫੂਡ ਪ੍ਰੋਸੈਸਿੰਗ ਦੇ ਖੇਤਰ ਵਿਚ ਅਸੀਂ ਬਹੁਤ ਪਿੱਛੇ ਹਾਂ'। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਫੂਡ ਪ੍ਰੈਸੈਸਿੰਗ ਖੇਤਰ ਦੇ ਵਾਧੇ ਦੀਆਂ ਅਸੀਮ ਸੰਭਾਵਨਾਵਾਂ ਮੌਜੂਦ ਹਨ ਕਿਉਂ ਜੋ ਇੱਥੇ ਕੱਚੇ ਮਾਲ ਦੀ ਕੋਈ ਕਮੀ ਨਹੀਂ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਵਿਚ ਟਮਾਟਰ, ਮੱਕੀ, ਆਲੂ ਦੀ ਪ੍ਰੋਸੈਸਿੰਗ ਵੱਲ ਵਧੇਰੇ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਸਿਫਟ ਨੂੰ ਕਿਹਾ ਕਿ ਉਹ ਪੰਜਾਬ ਸਰਕਾਰ ਦੀ ਮਦਦ ਨਾਲਤਿਆਰ ਛੋਟੀਆਂ 40 ਦੇ ਕਰੀਬ ਵੱਖ-ਵੱਖ ਤਰ੍ਹਾਂ ਦੀਆਂਪ੍ਰੋਸੈਸਿੰਗ ਮਸ਼ੀਨਾਂ ਦਾ ਵਪਾਰੀਕਰਨ ਕਰਨ ਤਾਂ ਜੋ ਪੰਜਾਬ ਸਰਕਾਰ ਉਨ੍ਹਾਂ ਮਸ਼ੀਨਾਂ ਨੂੰ ਖੇਤੀ ਸੰਦਾਂ ਦੇ ਅਧੀਨ ਨੋਟੀਫਾਈ ਕਰਕੇ ਉਨ੍ਹਾਂ 'ਤੇ ਕਿਸਾਨਾਂ ਨੂੰ ਸਬਸਿਡੀ ਦੇ ਸਕੇ। ਉਨ੍ਹਾਂ ਕਿਹਾ ਕਿ ਇਹ ਮਸ਼ੀਨਾਂ ਕਿਸਾਨਾਂ ਨੂੰ ਮਹੱਈਆ ਕਰਵਾਉਣ ਦਾ ਕੰਮ ਵੀ ਕੀਤਾ ਜਾਵੇ ਤਾਂ ਜੋ ਕਿਸਾਨ ਆਪਣੇ ਪੱਧਰ 'ਤੇ ਫਸ਼ਲਾਂ ਦੀ ਪ੍ਰੋਸੈਸਿੰਗ ਕਰ ਸਕਣ। ਉਨ੍ਹਾਂ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਸ੍ਰੀ ਬੀ.ਐਸ. ਢਿੱਲੋਂ ਨੂੰ ਕਿਹਾ ਕਿ ਉਹ ਖੇਤੀ ਵਿਭਾਗ ਨਾਲ ਮਿਲਕੇ ਕਿਸਾਨਾਂ ਨੂੰ ਗੁਣਵੱਤਾ ਕੰਟਰੋਲ ਤੇ ਪੈਕੇਜਿੰਗ ਬਾਰੇ ਸਿਖਲਾਈ ਦੇਣ ਤੇ ਇਸ ਲਈ ਬਠਿੰਡਾ, ਗੁਰਦਾਸਪੁਰ ਤੇ ਜਲੰਧਰ ਵਿਖੇ ਹੁਨਰ ਵਿਕਾਸ ਕੇਂਦਰ ਖੋਲੇ ਜਾਣ।

ਸ੍ਰੀਮਤੀ ਬਾਦਲ ਵਲੋਂ ਤਾਮਿਲਨਾਡੂ ਦੀ ਤਰਜ਼ 'ਤੇ ਪੰਜਾਬ ਵਿਚ ਵੀ ਮੋਬਾਇਲ ਪ੍ਰਸੈਸਿੰਗ ਵੈਨ ਚਲਾਉਣ ਨੂੰ ਵੀ ਮਨਜ਼ੂਰੀ ਦੇਦਿੱਤੀ ਹੈ। ਦੁੱਧ ਦੀ ਪ੍ਰੋਸੈਸਿੰਗ ਤੇ ਇਸ ਵਿਚ ਵਿਸ਼ੇਸ਼ ਕਰਕੇ ਪੇਂਡੂ ਔਰਤਾਂ ਨੂੰ ਭਾਗੀਦਾਰ ਬਣਾਉਣ ਦੇਲਈ ਸ੍ਰੀਮਤੀ ਬਾਦਲ ਨੇ ਗਡਵਾਸੂ ਦੇ ਉਪ ਕੁਲਪਤੀ ਸ੍ਰੀ ਵੀ.ਕੇ. ਤਨੇਜਾ ਤੇ ਮਿਲਕਫੈਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ 15 ਤੋਂ 20 ਪਿੰਡਾਂ ਦਾ ਕਲੱਸਟਰ ਸਥਾਪਿਤ ਕਰਨ ਜਿੱਥੇ ਹਰ ਪਿੰਡ ਵਿਚੋਂ ਦੁੱਧ ਇਕੱਠਾ ਕਰਕੇ ਉਸਦੀ ਪ੍ਰੋਸੈਸਿੰਗ ਕੀਤੀ ਜਾਵੇ।

ਸੂਬੇ ਵਿਚ ਵੱਖ-ਵੱਖ ਪ੍ਰਾਜੈਕਟਾਂ ਬਾਰੇ ਕੇਂਦਰ ਤੇ ਰਾਜ ਸਰਕਾਰ ਦੌਰਾਨ ਬਿਹਰ ਤਾਲਮੇਲ ਲਈ ਸ੍ਰੀਮਤੀ ਬਾਦਲ ਵਲੋਂ ਕੇਂਦਰੀ ਫੂਡ ਪ੍ਰੋਸੈਸਿੰਗ ਸਕੱਤਰ , ਪੀ.ਏ.ਯੂ. ਦੇ ਉਪ ਕੁਲਪਤੀ, ਗਡਵਾਸੂ ਦੇ ਉਪ ਕੁਲਪਤੀ , ਪੰਜਾਬ ਦੇ ਫੂਡ ਪ੍ਰੋਸੈਸਿੰਗ ਵਿਭਾਗ ਦੇ ਸਕੱਤਰ, ਵਿੱਤ ਕਮਿਸ਼ਨਰ ਖੇਤੀ ਵਿਕਾਸ ਨੂੰ ਸ਼ਾਮਿਲ ਕਰਕੇ ਕਮੇਟੀ ਬਣਾਉਣ ਬਾਰੇ ਵੀ ਕਿਹਾ। ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਵਲੋਂ ਪੇਸ਼ ਕੀਤੇ ਪ੍ਰਸਤਾਵ ਨੂੰ ਤੁਰੰਤ ਮਨਜ਼ੂਰੀ ਦਿੰਦਿਆਂ ਸ਼੍ਰੀਮਤੀ ਬਾਦਲ ਵਲੋਂ ਗੁਰਦਾਸਪੁਰ ਤੇ ਲੁਧਿਆਣਾ ਵਿਖੇ ਐਗਰੋ ਪ੍ਰੋਸੈਸਿੰਗ ਫੇਅਰ ਲਾਉਣ ਨੂੰ ਵੀ ਮਨਜ਼ੂਰੀ ਦਿੱਤੀ ਗਈ।