arrow

ਬਾਦਲ ਵੱਲੋਂ ਬੀ.ਬੀ.ਐਮ.ਬੀ. ਦਾ ਮੈਂਬਰ ਪੰਜਾਬ 'ਚੋਂ ਲਾਉਣ 'ਤੇ ਜ਼ੋਰ

ਚੰਡੀਗੜ੍ਹ, 5 ਜੁਲਾਈ-

ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕੇਂਦਰੀ ਬਿਜਲੀ ਮੰਤਰੀ ਸ਼੍ਰੀ ਪਿਯੂਸ਼ ਗੋਇਲ ਨੂੰ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦੇ ਮੈਂਬਰ ਸਿੰਚਾਈ ਦੀ ਨਿਯੁਕਤੀ ਪੰਜਾਬ ਤੋਂ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਇਸ ਵੱਕਾਰੀ ਸੰਸਥਾ ਦਾ ਕੰਮਕਾਜ ਪੱਖਪਾਤ ਰਹਿਤ ਯਕੀਨੀ ਬਣਾਇਆ ਜਾ ਸਕੇ।

ਸ਼੍ਰੀ ਗੋਇਲ ਨੂੰ ਭੇਜੇ ਇੱਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਮਲੇ 'ਤੇ ਉਨ੍ਹਾਂ ਦੀ ਸਹਿਮਤੀ ਪ੍ਰਾਪਤ ਕਰਨ ਲਈ ਪੰਜਾਬ ਸਰਕਾਰ ਬੀ.ਬੀ.ਐਮ.ਬੀ. ਦੇ ਮੈਂਬਰ ਸਿੰਚਾਈ ਵਜੋਂ ਚੋਣ ਅਤੇ ਨਿਯੁਕਤੀ ਲਈ ਅਧਿਕਾਰੀਆਂ ਦਾ ਇੱਕ ਪੈਨਲ ਭੇਜੇਗੀ।

ਬੀਤੇ ਦੀਆਂ ਗੱਲਾਂ ਦੇ ਸੰਦਰਭ ਵਿੱਚ ਮੁੱਖ ਮੰਤਰੀ ਨੇ ਸ਼੍ਰੀ ਗੋਇਲ ਨੂੰ ਦੱਸਿਆ ਕਿ ਪੰਜਾਬ ਪੁਨਰਗਠਨ ਐਕਟ 1966 ਦੀ ਧਾਰਾ 79(2)(ਏ)ਕੇਂਦਰ ਸਰਕਾਰ ਵਲੋਂ ਚੇਰਮੈਨ ਅਤੇ ਦੋ ਮੈਂਬਰਾਂ ਦੀ ਨਿਯੁਕਤੀ ਦੀ ਵਿਵਸਥਾ ਪੂਰੇ ਸਮੇਂ ਲਈ ਕਰਦਾ ਹੈ ਪਰ ਇਸ ਸਬੰਧ ਵਿੱਚ ਅਮਲ ਵਿੱਚ ਦੇਖਣ ਨੂੰ ਆਇਆ ਹੈ ਕਿ ਕੇਂਦਰ ਸਰਕਾਰ ਪੰਜਾਬ ਸਰਕਾਰ ਤੋਂ ਅਧਿਕਾਰੀਆਂ ਦਾ ਪੈਨਲ ਪ੍ਰਾਪਤ ਕਰਦੀ ਹੈ ਅਤੇ ਪੈਨਲ ਵਿਚੋਂ ਇੱਕ ਅਧਿਕਾਰੀ ਮੈਂਬਰ (ਪਾਵਰ), ਬੀ.ਬੀ.ਐਮ.ਬੀ. ਚੁਣਿਆ ਜਾਂਦਾ ਹੈ ਜਦ ਕਿ ਇੱਕ ਅਧਿਕਾਰੀ ਹਰਿਆਣਾ ਸਰਕਾਰ ਵਲੋਂ ਭੇਜੇ ਜਾਂਦੇ ਪੈਨਲ ਵਿਚੋਂ ਮੈਂਬਰ (ਸਿੰਚਾਈ), ਬੀ.ਬੀ.ਐਮ.ਬੀ. ਚੁਣਿਆ ਜਾਂਦਾ ਹੈ। ਇਸ ਸਬੰਧ ਵਿੱਚ ਪੰਜਾਬ ਜਾਂ ਹਰਿਆਣੇ ਵਿਚੋਂ ਮੈਂਬਰ (ਸਿੰਚਾਈ) ਜਾਂ ਮੈਂਬਰ (ਬਿਜਲੀ) ਚੁਣੇ ਜਾਣ ਉਤੇ ਕੋਈ ਪਾਬੰਦੀ ਨਹੀਂ ਹੈ।

ਉਨ੍ਹਾਂ ਅੱਗੇ ਕਿਹਾ ਕਿ ਜਦੋਂ ਤੋਂ ਬੀ.ਬੀ.ਐਮ.ਬੀ. ਦਾ ਗਠਨ ਹੋਇਆ ਹੈ ਓਦੋਂ ਤੋਂ ਮੈਂਬਰ (ਸਿੰਚਾਈ) ਹਰਿਆਣਾ ਕਾਡਰ ਦੇ ਅਧਿਕਾਰੀਆਂ ਵਿਚੋਂ ਨਿਯੁਕਤ ਕੀਤਾ ਜਾਂਦਾ ਹੈ। ਇਹ ਕਹਿਣਾ ਬੇਤੁਕਾ ਹੈ ਕਿ ਪੰਜਾਬ ਅਤੇ ਹਰਿਆਣਾ ਦੇ ''ਬਿਜਲੀ'' ਅਤੇ ''ਸਿੰਚਾਈ'' ਸਬੰਧੀ ਬਰਾਬਰ ਦੇ ਹਿੱਤ ਹਨ। ਇਸ ਕਰਕੇ ਮੈਂਬਰ (ਸਿੰਚਾਈ) ਅਤੇ ਮੈਂਬਰ (ਪਾਵਰ) ਦੀ ਅਸਾਮੀ ਪੰਜਾਬ ਅਤੇ ਹਰਿਆਣਾ ਦੇ ਅਧਿਕਾਰੀਆਂ ਦੇ ਪੈਨਲ ਵਿਚੋਂ ਵਾਰੀ ਵਾਰੀ ਭਰੀ ਜਾਵੇ। ਅਜਿਹਾ ਬੀ.ਬੀ.ਐਮ.ਬੀ. ਦਾ ਕੰਮਕਾਜ ਪੱਖਪਾਤ ਰਹਿਤ ਯਕੀਨੀ ਬਣਾਏਗਾ।ਪਿਛਲੀ ਵਾਰ ਸਾਲ 2011 ਵਿੱਚ ਹਰਿਆਣਾ ਕਾਡਰ ਦੇ ਅਧਿਕਾਰੀ ਐਸ.ਐਲ.ਅਗਰਵਾਲ ਮੈਂਬਰ (ਸਿੰਚਾਈ), ਬੀ.ਬੀ.ਐਮ.ਬੀ. ਨਿਯੁਕਤ ਕੀਤੇ ਗਏ ਸਨ ਅਤੇ ਹੁਣ ਇਹ ਨਿਯੁਕਤੀ ਦੀ ਮਿਆਦ ਛੇਤੀ ਹੀ ਖਤਮ ਹੋਣ ਵਾਲੀ ਹੈ।