arrow

ਮੁੱਖ ਮੰਤਰੀ ਵੱਲੋਂ ਉਮਾ ਭਾਰਤੀ ਨੂੰ ਘੱਗਰ ਦੇ ਕੰਮ ਨੂੰ ਹਰੀ ਝੰਡੀ ਦੇਣ ਦੀ ਅਪੀਲ

ਚੰਡੀਗੜ੍ਹ, 5 ਜੁਲਾਈ-

ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਘੱਗਰ ਦਰਿਆ ਦੇ ਕੰਢਿਆਂ ਨੂੰ ਮਜ਼ਬੂਤ ਬਣਾਉਣ ਲਈ ਦੂਜੇ ਪੜਾਅ ਦੇ ਕੰਮ ਨੂੰ ਹਰੀ ਝੰਡੀ ਦਿਵਾਉਣ ਵਾਸਤੇ ਘੱਗਰ ਸਟੈਂਡਿੰਗ ਕਮੇਟੀ ਦੀ ਜਲਦੀ ਤੋਂ ਜਲਦੀ ਮੀਟਿੰਗ ਸੱਦਣ ਲਈ ਕੇਂਦਰੀ ਜਲ ਸਰੋਤ ਮੰਤਰੀ ਸ਼੍ਰੀਮਤੀ ਉਮਾ ਭਾਰਤੀ ਨੂੰ ਆਪਣੇ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਲਈ ਨਿੱਜੀ ਦਖਲ ਦੀ ਮੰਗ ਕੀਤੀ ਹੈ।

ਉਮਾ ਭਾਰਤੀ ਨੂੰ ਲਿਖੇ ਗਏ ਇੱਕ ਪੱਤਰ ਵਿੱਚ ਮੁੱਖ ਮੰਤਰੀ ਨੇ ਦੱਸਿਆ ਕਿ ਘੱਗਰ ਸਟੈਂਡਿੰਗ ਕਮੇਟੀ ਵਲੋਂ ਦਿੱਤੀ ਗਈ ਪ੍ਰਵਾਨਗੀ ਦੇ ਅਨੁਸਾਰ ਖਨੌਰੀ ਤੋਂ ਮਕੋਰੜ ਸਾਹਿਬ ਤੱਕ 22.45ਕਿਲੋਮੀਟਰ ਦੇ ਘੱਗਰ ਦਰਿਆ ਉਤੇ ਬੰਨ੍ਹ ਨੂੰ ਮਜ਼ਬੂਤ ਕਰਨ ਸਬੰਧੀ ਪਹਿਲੇ ਪੜਾਅ ਦਾ ਕੰਮ ਮੁਕੰਮਲ ਹੋ ਗਿਆ ਹੈ ਜਦ ਕਿ ਮਕੋਰੜ ਸਾਹਿਬ ਤੋਂ ਕੜੈਲ ਤੱਕ ਦੂਜੇ ਪੜਾਅ ਦੇ ਪ੍ਰਾਜੈਕਟ ਦਾ ਕੰਮ ਘੱਗਰ ਸਟੈਂਡਿੰਗ ਕਮੇਟੀ ਕੋਲ ਪਿਛਲੇ ਪੰਜ ਸਾਲਾਂ ਤੋਂ ਵਿਚਾਰ ਅਧੀਨ ਹੈ। ਉਨ੍ਹਾਂ ਕਿਹਾ ਕਿ ਬਾਰਸ਼ਾਂ ਦੇ ਦਿਨਾਂ ਦੌਰਾਨ ਇਹ ਦਰਿਆ ਸਮੱਸਿਆ ਪੈਦਾ ਕਰ ਦਿੰਦਾ ਹੈ। ਇਸ ਕਰਕੇ ਵੱਡੇ ਜਨਤਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਦੇ ਦੂਜੇ ਪੜਾਅ ਦੇ ਕੰਮ ਨੂੰ ਹਰੀ ਝੰਡੀ ਦਿਵਾਉਣ ਲਈ ਘੱਗਰ ਸਟੈਂਡਿੰਗ ਕਮੇਟੀ ਦੀ ਜਲਦੀ ਤੋਂ ਜਲਦੀ ਮੀਟਿੰਗ ਸੱਦਣ ਲਈ ਨਿਰਦੇਸ਼ ਦਿੱਤੇ ਜਾਣ।

ਗੌਰਤਲਬ ਹੈ ਕਿ ਘੱਗਰ ਦਰਿਆ ਇੱਕ ਅੰਤਰਰਾਜੀ ਦਰਿਆ ਹੈ ਜੋ ਕਿ ਹਿਮਾਚਲ ਪ੍ਰਦੇਸ਼ ਤੋਂ ਨਿਕਲ ਕੇ ਹਰਿਆਣਾ ਅਤੇ ਪੰਜਾਬ ਵਿਚੋਂ ਹੁੰਦਾ ਹੋਇਆ ਰਾਜਸਥਾਨ ਨੂੰ ਜਾਂਦਾ ਹੈ। ਹਰ ਸਾਲ ਪੰਜਾਬ ਅਤੇ ਹਰਿਆਣਾ ਵਿੱਚ ਮੀਂਹ ਦੇ ਮੌਸਮ ਦੌਰਾਨ ਇਸ ਵਿੱਚ ਅਤੇ ਇਸ ਦੇ ਸਹਾਇਕ ਖਾਲਿਆਂ ਵਿੱਚ ਹੜ੍ਹ ਆ ਜਾਂਦਾ ਹੈ ਜਿਸ ਕਰਕੇ ਇਸ ਦਰਿਆ ਦੇ ਕੰਢਿਆਂ ਨੂੰ ਮਜ਼ਬੂਤ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸ. ਬਾਦਲ ਨੇ ਨਵੀਂ ਦਿੱਲੀ ਵਿਖੇ ਹਾਲ ਹੀ ਵਿੱਚ ਕੇਂਦਰੀ ਮੰਤਰੀ ਊਮਾ ਭਾਰਤੀ ਨਾਲ ਹੋਈ ਇੱਕ ਮੀਟਿੰਗ ਦੌਰਾਨ ਇਹ ਮੁੱਦਾ ਉਠਾਇਆ ਸੀ ਤਾਂ ਜੋ ਇਸ ਇਲਾਕੇ ਦੇ ਲੋਕਾਂ ਦੀ ਹੜ੍ਹਾਂ ਤੋਂ ਰੱਖਿਆ ਕੀਤੀ ਜਾ ਸਕੇ। ਕੇਂਦਰੀ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਜਨਤਕ ਹਿੱਤਾਂ ਦੇ ਮੱਦੇਨਜ਼ਰ ਇਸ ਕੰਮ ਨੂੰ ਤੇਜ਼ੀ ਨਾਲ ਕਰਾਉਣ ਲਈ ਨਿੱਜੀ ਦਖਲ ਦੇਣਗੇ।