arrow

ਬਾਦਲ ਵੱਲੋਂ ਖੇਤਰੀ ਕਿੱਤਾਮੁਖੀ ਸਿਖਲਾਈ ਸੰਸਥਾ ਸਥਾਪਤ ਕਰਨ ਦੀ ਮੰਗ

ਚੰਡੀਗੜ੍ਹ, 5 ਜੁਲਾਈ-

ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਚੰਡੀਗੜ੍ਹ ਦੇ ਨੇੜੇ ਖੇਤਰੀ ਕਿੱਤਾਮੁਖੀ ਸਿਖਲਾਈ ਸੰਸਥਾ ਅਤੇ ਖੇਤਰੀ ਡਾਇਰੈਕਟੋਰੇਟ ਅਪਰੇਂਟਸਸ਼ਿੱਪ ਟ੍ਰੇਨਿੰਗ ਸਥਾਪਤ ਕਰਨ ਲਈ ਜ਼ਰੂਰੀ ਉਪਚਾਰਕਤਾਵਾਂ ਮੁਕੰਮਲ ਕਰਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਕੇਂਦਰੀ ਕਿਰਤ ਤੇ ਰੋਜ਼ਗਾਰ ਮੰਤਰੀ ਸ਼੍ਰੀ ਨਰਿੰਦਰ ਸਿੰਘ ਤੋਮਰ ਨੂੰ ਆਪਣਾ ਨਿੱਜੀ ਦਖਲ ਦੇਣ ਦੀ ਮੰਗ ਕੀਤੀ ਹੈ।

ਮੁੱਖ ਮੰਤਰੀ ਨੇ ਸ਼੍ਰੀ ਤੋਮਰ ਨੂੰ ਲਿਖੇ ਇੱਕ ਪੱਤਰ ਵਿੱਚ ਅਜਿਹੇ ਕੇਂਦਰਾਂ ਦੀ ਸਥਾਪਨਾ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਕਿਹਾ ਹੈ ਕਿ ਇਹ ਸੰਸਥਾਵਾਂ ਹੁਨਰ ਵਿਕਾਸ ਸਿਖਲਾਈ ਵਿੱਚ ਮਿਆਰੀ ਸੁਧਾਰ ਲਿਆਉਣ ਅਤੇ ਇਸ ਨੂੰ ਸੁਦ੍ਰਿੜ੍ਹ ਕਰਨ ਵਿੱਚ ਭੂਮਿਕਾ ਨਿਭਾਉਣ ਤੋਂ ਇਲਾਵਾ ਖਾਸ ਕਰਕੇ ਮਹਿਲਾਵਾਂ ਦੇ ਸਸ਼ਕਤੀਕਰਨ ਵਿੱਚ ਵੀ ਯੋਗਦਾਨ ਪਾਉਣਗੀਆਂ। ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਚੰਡੀਗੜ੍ਹ ਦੇ ਨੇੜੇ ਖੇਤਰੀ ਕਿੱਤਾਮੁਖੀ ਸਿਖਲਾਈ ਸੰਸਥਾ ਅਤੇ ਖੇਤਰੀ ਡਾਇਰੈਕਟੋਰੇਟ ਅਪਰੇਂਸਸ਼ਿੱਪ ਸਥਾਪਤ ਕਰਨ ਸਬੰਧੀ ਕੇਂਦਰ ਦੇ ਪ੍ਰਸਤਾਵ ਮੁਤਾਬਕ ਰਾਜ ਸਰਕਾਰ ਨੇ ਢੁਕਵੀਂ ਥਾਂ ਦੀ ਸ਼ਨਾਖਤ ਕਰ ਲਈ ਹੈ ਜੋ ਕਿ 9 ਏਕੜ 6 ਕਨਾਲ ਅਤੇ 4 ਮਰਲੇ ਹੈ।

ਸ. ਬਾਦਲ ਨੇ ਕਿਹਾ ਕਿ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੇ ਅਧਿਕਾਰੀਆਂ ਨੇ ਇਸ ਜ਼ਮੀਨ ਨੂੰ ਦੇਖ ਲਿਆ ਹੈ ਅਤੇ ਇਸ ਜ਼ਮੀਨ ਨੂੰ ਤਬਦੀਲ ਕਰਨ ਵਾਸਤੇ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਇਸ ਸਥਾਨ ਨਾਲ ਢੁਕਵਾਂ ਸੰਪਰਕ ਵੀ ਮੁਹੱਈਆ ਕਰਵਾਵੇਗੀ। ਉਨ੍ਹਾਂ ਨੇ ਸ਼੍ਰੀ ਤੋਮਰ ਨੂੰ ਇਸ ਕਾਰਜ ਲਈ ਜ਼ਰੂਰੀ ਉਪਚਾਰਕਤਾਵਾਂ ਮੁਕੰਮਲ ਕਰਾਉਣ ਵਾਸਤੇ ਆਪਣਾ ਨਿੱਜੀ ਦਖਲ ਦੇਣ ਲਈ ਆਖਿਆ ਹੈ ਤਾਂ ਜੋ ਇਸ ਦਾ ਨੀਂਹ ਪੱਥਰ ਜਲਦੀ ਤੋਂ ਜਲਦੀ ਰੱਖਿਆ ਜਾ ਸਕੇ।