arrow

ਕੇਂਦਰ ਦੇਸ਼ ਲਈ ਇਕਸਾਰ ਡਰੱਗ ਨੀਤੀ ਬਣਾਏ-ਨਵਜੋਤ ਸਿੱਧੂ

ਚੰਡੀਗੜ੍ਹ 5 ਜੁਲਾਈ:

ਮੁੱਖ ਸੰਸਦੀ ਸਕੱਤਰ, ਪੰਜਾਬ ਡਾ. ਨਵਜੋਤ ਕੌਰ ਸਿੱਧੂ ਨੇ ਅੱਜ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ਵਰਧਨ ਨਾਲ ਮੁਲਾਕਾਤ ਕਰਕੇ ਦੇਸ਼ ਵਿੱਚ ਇਕਸਾਰ ਡਰੱਗ ਨੀਤੀ ਬਣਾਉਣ 'ਤੇ ਜ਼ੋਰ ਦਿੱਤਾ ਤਾਂ ਕਿ ਦੇਸ਼ ਵਿੱਚ ਇਕ ਸਮਾਨ ਦਵਾਈਆਂ ਤੋਂ ਲਾਭ ਦਾ ਅੰਤਰ ਜ਼ਿਆਦਾ ਨਾ ਹੋਵੇ।

ਡਾ. ਸਿੱਧੂ ਨੇ ਦੱਸਿਆ ਕਿ ਦਵਾਈਆਂ ਦੀਆਂ ਦੁਕਾਨਾਂ ਵਾਲਿਆਂ ਅਤੇ ਪ੍ਰਾਈਵੇਟ ਡਾਕਟਰਾਂ ਵੱਲੋਂ ਮਰੀਜ਼ਾਂ ਤੋਂ ਇਕ ਤਰ੍ਹਾਂ ਦੀ ਹੀ ਦਵਾਈ ਲਈ ਅਲੱਗ ਅਲੱਗ ਜ਼ਿਆਦਾ ਰੇਟ ਵਸੂਲੇ ਜਾ ਰਹੇ ਹਨ। ਉਨ੍ਹਾਂ ਨੇ ਕੇਂਦਰੀ ਸਿਹਤ ਮੰਤਰੀ ਨੂੰ ਬੇਨਤੀ ਕੀਤੀ ਕਿ ਮਨੋਵਿਗਿਆਨ ਨੂੰ ਸਿਹਤ ਸਿੱਖਿਆ ਵਿੱਚ ਮੁੱਖ ਵਿਸ਼ੇ ਦੇ ਤੌਰ 'ਤੇ ਸ਼ਾਮਲ ਕੀਤਾ ਜਾਵੇ ਕਿਉਂਕਿ ਇਨ੍ਹਾਂ ਮਾਮਲਿਆਂ ਵਿੱਚ ਨਸ਼ਾ ਛੁਡਾਉਣ ਲਈ ਕੌਂਸਲਿੰਗ, ਚਿੰਤਾ ਤੇ ਤਣਾਅ ਆਦਿ ਦੇ ਮਾਮਲਿਆਂ ਵਿੱਚ ਖੁਦਕੁਸ਼ੀ ਦੀ ਦਰ ਖਤਰੇ ਦੀ ਹੱਦ ਤੱਕ ਵਧ ਰਹੀ ਹੈ। ਸਾਰੇ ਮੈਡੀਕਲ ਅਫਸਰਾਂ ਨੂੰ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਸੰਭਾਲਣਾ ਆਉਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਨੂੰ ਮੈਡੀਕਲ ਟੂਰਿਜ਼ਮ ਵਜੋਂ ਵਿਕਸਿਤ ਕੀਤਾ ਜਾਵੇ ਕਿਉਂਕਿ ਇਥੇ ਅੰਤਰਰਾਸ਼ਟਰੀ ਏਅਰਪੋਰਟ ਹੋਣ ਦੇ ਨਾਲ ਨਾਲ ਸਾਰਕ ਦੇ ਡਾਕਟਰ ਇਥੇ ਮੁਫਤ ਇਲਾਜ ਕਰਨ ਦੇ ਚਾਹਵਾਨ ਵੀ ਹਨ। ਡਾ. ਸਿੱਧੂ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਕੇਂਦਰੀ ਸਿਹਤ ਮੰਤਰੀ ਕੋਲ ਕੰਨਿਆ ਭਰੂਣ ਹੱਤਿਆ 'ਤੇ ਰੋਕ ਲਾਉਣ ਲਈ ਡਾਕਟਰਾਂ ਦੀ ਪਰਚੀ ਤੋਂ ਬਿਨਾਂ ਵੇਚੀਆਂ ਜਾ ਰਹੀਆਂ ਅਬਾਰਸ਼ਨ ਸਬੰਧੀ ਦਵਾਈਆਂ, ਏ.ਐਨ. ਐਮਜ਼ ਅਤੇ ਫੀਮੇਲ ਹੈਲਥ ਵਰਕਰਾਂ ਵੱਲੋਂ ਗਰਭਵਤੀ ਔਰਤਾਂ ਦੀ ਜਾਂਚ ਅਤੇ ਭਰੂਣ ਦੀ ਪਛਾਣ ਕਰਨ ਵਾਲੇ ਸੈਂਟਰਾਂ 'ਤੇ ਰੋਕ ਲਗਾਉਣ ਦੇ ਮੁੱਦੇ ਉਠਾਏ। ਉਨ੍ਹਾਂ ਝੂਠੀਆਂ ਮੈਡੀਕਲ ਰਿਪੋਰਟਾਂ ਤਿਆਰ ਕਰਨ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਇਹ ਕੈਮਰਿਆਂ ਦੀ ਨਿਗਰਾਨੀ ਵਿੱਚ ਹੋਣੇ ਚਾਹੀਦੇ ਹਨ ਅਤੇ ਅਜਿਹਾ ਕਰਨ ਵਾਲਿਆਂ ਨੂੰ ਸਖਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ।

ਉਨ੍ਹਾਂ ਕੇਂਦਰੀ ਸਿਹਤ ਮੰਤਰੀ ਨੂੰ ਝੂਠੇ ਇਸ਼ਤਿਹਾਰ ਦੇਣ ਅਤੇ ਖਤਰਕਨਾਕ ਦਵਾਈਆਂ ਲਿਖਣ ਵਾਲਿਆਂ ਨੂੰ ਸਖਤ ਸਜ਼ਾਵਾਂ ਦੇਣ ਲਈ ਕਾਨੂੰਨ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਕੇਂਦਰੀ ਸਿਹਤ ਮੰਤਰੀ ਨੇ ਉਨ੍ਹਾਂ ਨੂੰ ਉਨ੍ਹਾਂ ਵੱਲੋਂ ਉਠਾਏ ਮੁੱਦਿਆਂ 'ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ।