arrow

ਕਾਂਗਰਸ 'ਤੇ ਸਿੱਖ ਵਿਰੋਧੀ ਹੋਣ ਬਾਰੇ ਸੁਖਬੀਰ ਦੇ ਦੋਸ਼ਾਂ ਨੂੰ ਬਾਜਵਾ ਨੇ ਨਕਾਰਿਆ

ਚੰਡੀਗੜ੍ਹ, 5 ਜੁਲਾਈ:

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕਾਂਗਰਸ 'ਤੇ ਲਗਾਤਾਰ ਸਿੱਖ ਵਿਰੋਧੀ ਰਹਿਣ ਸਬੰਧੀ ਲਗਾਏ ਦੋਸ਼ਾਂ ਨੂੰ ਚੁਣੌਤੀ ਦਿੰਦਿਆਂ ਕਿਹਾ ਹੈ ਕਿ ਕਾਂਗਰਸ ਹੀ ਹੈ ਜਿਸਨੇ ਡਾ. ਮਨਮੋਹਨ ਸਿੰਘ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸੱਭ ਤੋਂ ਵੱਡੇ ਕਾਰਜਕਾਰੀ ਅਹੁਦੇ 'ਤੇ ਬਿਠਾਇਆ ਤੇ ਉਹ ਵੀ ਲਗਾਤਾਰ ਦੋ ਕਾਰਜਕਾਲਾਂ ਦੌਰਾਨ। ਜਿਸਦੇ ਉਲਟ ਅਕਾਲੀ ਦਲ ਹਰਿਆਣਾ 'ਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਸਬੰਧੀ ਉਥੋਂ ਦੇ ਸਿੱਖਾਂ ਦੇ ਅਰਮਾਨਾਂ ਨੂੰ ਕੁਚਲ ਰਿਹਾ ਹੈ, ਜਿਹੜੇ ਹਰ ਪੱਖੋਂ ਉਚਿਤ ਹਨ।

ਉਨ੍ਹਾਂ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਦੀ ਕੈਬਿਨੇਟ 'ਚ ਅਕਾਲੀ ਦਲ ਦੀ ਇਕੋਮਾਤਰ ਸਿੱਖ ਮੰਤਰੀ ਹਨ ਤੇ ਉਹ ਵੀ ਬਾਦਲ ਪਰਿਵਾਰ ਦੀ ਮੈਂਬਰ ਹੀ ਹਨ। ਉਨ੍ਹਾਂ ਨੇ ਕਿਹਾ ਕਿ ਸੁਖਬੀਰ ਬਾਦਲ ਭੁੱਲ ਰਹੇ ਹਨ ਕਿ ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ 1957 'ਚ ਪਹਿਲੀ ਵਾਰ ਕਾਂਗਰਸ ਦੀ ਟਿਕਟ 'ਤੇ ਹੀ ਚੋਣ ਲੜ ਕੇ ਵਿਧਾਨ ਸਭਾ 'ਚ ਪਹੁੰਚੇ ਸਨ। ਉਨ੍ਹਾਂ ਨੇ ਖੁਦ ਮਜੀਠੀਆ ਪਰਿਵਾਰ ਅਤੇ ਉਨ੍ਹਾਂ ਦੀ ਭੈਣ ਪਰਨੀਤ ਕੌਰ ਨੇ ਨਾਮੀ ਕੈਰੋਂ ਪਰਿਵਾਰ 'ਚ ਵਿਆਹ ਕੀਤਾ ਹੈ, ਜਿਹੜੇ ਦੋਵੇਂ ਮਾਝਾ ਦੇ ਪੁਰਾਣੇ ਕਾਂਗਰਸ ਪਰਿਵਾਰ ਹਨ, ਭਾਵੇਂ ਪਰਿਵਾਰਿਕ ਝਗੜਿਆਂ ਕਾਰਨ ਇਨ੍ਹਾਂ ਦੀਆਂ ਵਰਤਮਾਨ ਪੀੜ੍ਹੀਆਂ ਅਕਾਲੀ ਦਲ 'ਚ ਆ ਗਈਆਂ ਹਨ।

ਜੇਕਰ ਕਾਂਗਰਸ ਸਿੱਖ ਵਿਰੋਧੀ ਹੈ, ਤਾਂ ਫਿਰ ਕਿਉਂ ਤੁਹਾਡੇ ਪਿਤਾ ਨੇ ਪੁਰਾਣੇ ਕਾਂਗਰਸੀ ਪਰਿਵਾਰਾਂ 'ਚ ਆਪਣੇ ਬੇਟੇ ਤੇ ਬੇਟੀ ਦਾ ਵਿਆਹ ਕਰ ਦਿੱਤਾ। ਸੁਖਬੀਰ ਬਾਦਲ ਨੂੰ ਲੋਕਾਂ ਨੂੰ ਗੁੰਮਰਾਹ ਕਰਨਾ ਛੱਡ ਦੇਣਾ ਚਾਹੀਦਾ ਹੈ, ਵਿਅਕਤੀ ਨੂੰ ਓਹੀ ਕਹਿਣਾ ਚਾਹੀਦਾ ਹੈ ਜੋ ਉਹ ਕਰਦਾ ਹੈ। ਉਸਨੂੰ ਦੋਹਰੇ ਮਾਪਦੰਡ ਨਹੀਂ ਵਰਤਣੇ ਚਾਹੀਦੇ। ਉਨ੍ਹਾਂ ਨੇ ਹਰਿਆਣਾ ਦੇ ਸਿੱਖਾਂ ਦੀ ਆਪਣੇ ਸੂਬੇ ਦੇ ਧਾਰਮਿਕ ਸਥਾਨਾਂ ਦੀ ਸੰਭਾਲ ਲਈ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਦਾ ਸਪੱਸ਼ਟ ਤੌਰ 'ਤੇ ਸਮਰਥਨ ਕਰਦਿਆਂ ਕਿਹਾ ਕਿ ਅਕਾਲੀ ਦਲ ਹੀ ਪੰਜਾਬ ਰੀ ਆਰਗੇਨਾਈਜੇਸ਼ਨ ਐਕਟ 1966 ਦੇ ਬਣਨ ਲਈ ਜ਼ਿੰਮੇਵਾਰ ਹੈ ਅਤੇ ਇਸ ਕਾਨੂੰਨ ਦੀ ਧਾਰਾ 72 ਮੁਤਾਬਿਕ ਵੱਖਰੇ ਗੁਰਦੁਆਰਾ ਪੈਨਲ ਦੀ ਮੰਗ ਕਾਨੂੰਨੀ ਤੇ ਜਾਇਜ਼ ਹੈ। ਇਹ ਮੰਗ ਕਾਂਗਰਸ ਨੇ ਨਹੀਂ ਪੈਦਾ ਕੀਤੀ, ਬਲਕਿ ਹਰਿਆਣਾ ਦੇ ਸਿੱਖਾਂ ਨਾਲ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਗਏ ਪੱਖਪਾਤ ਦਾ ਨਤੀਜਾ ਹੈ।

ਉਨ੍ਹਾਂ ਨੇ ਐਸ.ਜੀ.ਪੀ.ਸੀ ਨੂੰ ਅਡਹਾਕ ਕਮੇਟੀ ਦੇ ਪੱਧਰ ਤੱਕ ਪਹੁੰਚਾਉਣ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ੍ਰੋਮਣੀ ਅਕਾਲੀ ਦਲ ਮੁਖੀ ਨੂੰ ਜਿੰਮੇਵਾਰ ਦੱਸਿਆ ਹੈ, ਜਿਹੜੀ ਸਿੱਖਾਂ ਵੱਲੋਂ ਦਿੱਤੇ ਕਈ ਮਹਾਨ ਬਲਿਦਾਨਾਂ ਤੋਂ ਬਾਅਦ ਬਣੀ ਹੈ, ਜਿਹੜਾ ਹਿੱਸਾ ਹੁਣ ਹਰਿਆਣਾ 'ਚ ਵੀ ਆਉਂਦਾ ਹੈ। ਉਨ੍ਹਾਂ ਕਿਹਾ ਕਿ ਅਵਤਾਰ ਸਿੰਘ ਮੱਕੜ ਸਿਰਫ ਕੇਅਰਟੇਕਰ ਪ੍ਰਧਾਨ ਹਨ। ਉਨ੍ਹਾਂ ਨੇ ਕਿਹਾ ਕਿ ਕਾਨੂੰਨੀ ਮਾਹਿਰਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਹਰਿਆਣਾ ਸਰਕਾਰ ਕੋਲ ਪੰਜਾਬ ਰੀ ਆਰਗੇਨਾਈਜੇਸ਼ਨ ਐਕਟ ਦੀ ਧਾਰਾ 72 ਤਹਿਤ ਇਸ ਕਾਨੂੰਨ ਨੂੰ ਬਣਾਉਣ ਦਾ ਪੂਰਾ ਅਧਿਕਾਰ ਹੈ। ਕਾਂਗਰਸ 'ਤੇ ਸਿੱਖਾਂ ਨੂੰ ਵੰਡਣ ਦਾ ਦੋਸ਼ ਲਗਾਉਣ ਵਾਲਾ ਅਕਾਲੀ ਦਲ ਅਸਲਿਅਤ 'ਚ ਸਿੱਧੇ ਤੌਰ 'ਤੇ ਇਸ ਲਈ ਜ਼ਿੰਮੇਵਾਰ ਹੈ, ਜੋ ਆਪਣੀ ਸਰਕਾਰ ਬਣਾਉਣ ਲਈ ਇਸ ਪਾਰਟੀ ਦੀ ਸਿੱਖ ਬਹੁਮਤ ਸੂਬਾ ਬਣਾਉਣ ਦੀ ਮੰਗ ਦਾ ਨਤੀਜਾ ਹੈ।

ਇਥੋਂ ਤੱਕ ਕਿ ਸੀਨੀਅਰ ਅਕਾਲੀ ਆਗੂ ਜਥੇਦਾਰ ਗੁਰਚਰਨ ਸਿੰਘ ਟੋਹੜਾ ਨੇ ਬਾਦਲ 'ਤੇ ਆਪਣੇ ਸਿਆਸੀ ਹਿੱਤਾਂ ਖਾਤਿਰ ਪ੍ਰਮੁੱਖ ਸਿੱਖ ਸੰਸਥਾਵਾਂ ਦਾ ਪੱਧਰ ਘਟਾਉਣ ਦਾ ਦੋਸ਼ ਲਗਾਇਆ ਸੀ ਅਤੇ ਉਨ੍ਹਾਂ ਨੂੰ ਇਤਿਹਾਸ ਪੜ੍ਹਨ ਦੀ ਸਲਾਹ ਦਿੱਤੀ ਸੀ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਹੀ ਹੈ, ਜਿਹੜੀ ਉਨ੍ਹਾਂ ਦੇ ਅਰਮਾਨਾਂ ਨੂੰ ਠੇਸ ਪਹੁੰਚਾਉਣ ਦੀ ਬਜਾਏ ਦੇਸ਼ ਦੀਆਂ ਸਾਰੀਆਂ ਘੱਟ ਗਿਣਤੀਆਂ ਨੂੰ ਬਣਦਾ ਸਨਮਾਨ ਦਿੰਦੀ ਹੈ। ਇਸਦੇ ਉਲਟ ਅਕਾਲੀ ਦਲ ਦੀ ਗਠਜੋੜ ਸਾਂਝੇਦਾਰ ਭਾਰਤੀ ਜਨਤਾ ਪਾਰਟੀ ਦੀ ਘੱਟ ਗਿਣਤੀ ਵਿਰੋਧੀ ਹੋਣ ਦੀ ਇਮੇਜ਼ ਹੈ ਅਤੇ ਇਸਦਾ ਇਹ ਚਰਿੱਤਰ ਲੋਕ ਸਭਾ ਚੋਣਾਂ ਦੌਰਾਨ ਨਜ਼ਰ ਆਇਆ ਹੈ।