arrow

'ਕਾਰਪੋਰੇਟ ਸੋਸ਼ਲ ਰਿਸਪੌਂਸੀਬਿਲਟੀ' ਫ਼ੰਡ ਸਬੰਧੀ ਕੇਂਦਰ ਨੂੰ ਸਿਫ਼ਾਰਸ਼ ਕਰਾਂਗਾ-ਖੰਨਾ

ਨਵਾਂਸ਼ਹਿਰ, 5 ਜੁਲਾਈ-

ਮੈਂਬਰ ਰਾਜ ਸਭਾ ਸ੍ਰੀ ਅਵਿਨਾਸ਼ ਰਾਏ ਖੰਨਾ ਨੇ ਅੱਜ ਇੱਥੇ ਆਖਿਆ ਕਿ ਉਹ ਆਉਂਦੇ ਲੋਕ ਸਭਾ ਸੈਸ਼ਨ ਦੌਰਾਨ 'ਕਾਰਪੋਰੇਟ ਸੋਸ਼ਲ ਰਿਸਪਂਸੀਬਿਲਟੀ' ਫ਼ੰਡ ਦੀ ਵਰਤੋਂ ਦੇ ਮਤਵਾਂ ਵਿੱਚ ਖੇਡ ਢਾਂਚੇ ਦਾ ਸੁਧਾਰ ਵੀ ਸ਼ਾਮਿਲ ਕੀਤੇ ਜਾਣ ਦੀ ਮੰਗ ਕਰਨਗੇ।

ਅੱਜ ਆਈ.ਟੀ.ਆਈ. ਸਟੇਡੀਅਮ ਨਵਾਂਸ਼ਹਿਰ ਵਿਖੇ ਢਾਂਚਾਗਤ ਸੁਧਾਰਾਂ ਵਾਸਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਦੀ ਪਹਿਲਕਦਮੀ 'ਤੇ 5.81 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਦੇਣ ਆਏ ਸ੍ਰੀ ਖੰਨਾ ਨੇ ਆਖਿਆ ਕਿ ਨੌਜੁਆਨ ਪੀੜ੍ਹੀ ਨੂੰ ਨਸ਼ੇ ਦੀ ਲਪੇਟ ਵਿੱਚੋਂ ਬਾਹਰ ਕੱਢਣ ਵਾਸਤੇ ਸਾਨੂੰ ਖੇਡਾਂ ਵਾਸਤੇ ਮੁਕੰਮਲ ਢਾਂਚਾ ਪ੍ਰਦਾਨ ਕਰਨ ਦੇ ਨਾਲ-ਨਾਲ ਕੌਮੀ ਤੇ ਕੌਮਾਂਤਰੀ ਪੱਧਰ ਖੇਡ ਮੁਕਾਬਲਿਆਂ ਵਾਸਤੇ ਪਨੀਰੀ ਤਿਆਰ ਕਰਨੀ ਪਵੇਗੀ।

ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਲੋੜੀਂਦੇ ਫ਼ੰਡ ਜੇਕਰ 'ਕਾਰਪੋਰੇਟ ਸੋਸ਼ਲ ਰਿਸਪੌਂਸੀਬਿਲਟੀ ਫ਼ੰਡ' ਦੇ ਖਰਚ ਮੰਤਵ ਵਿੱਚ ਵੀ ਜੋੜ ਦਿੱਤੇ ਜਾਣ ਤਾਂ ਉਦਯੋਗਿਕ ਅਦਾਰਿਆਂ ਦੇ ਲਾਭ ਵਿੱਚੋਂ ਆਉਂਦੇ ਉਕਤ ਫ਼ੰਡ ਵਿੱਚੋਂ ਇੱਕ ਵੱਡੀ ਰਾਸ਼ੀ ਖੇਡ ਢਾਂਚੇ ਦੇ ਸੁਧਾਰ ਲਈ ਵਰਤੀ ਜਾ ਸਕਦੀ ਹੈ। ਉਨ੍ਹਾਂ ਇਸ ਮੌਕੇ ਰੱਤੇਵਾਲ ਦੇ ਭੂਰੀ ਵਾਲਾ ਸਟੇਡੀਅਮ ਵਾਸਤੇ ਵੀ 2 ਲੱਖ ਰੁਪਏ ਦੀ ਗਰਾਂਟ, ਖਮਾਣੋਂ ਦੇ ਇੱਕ ਸਕੂਲ ਲਈ 3 ਲੱਖ ਰੁਪਏ ਦੀ ਗਰਾਂਟ ਅਤੇ ਸੰਗਰੂਰ ਦੇ ਪੰਜ ਪਿੰਡਾਂ ਦੇ ਵਿਕਾਸ ਲਈ 5 ਲੱਖ ਰੁਪਏ ਦੀ ਗਰਾਂਟ ਦੇ ਚੈੱਕ ਵੀ ਸਬੰਧਤ ਸੰਸਥਾਂਵਾਂ ਦੇ ਨੁਮਾਇੰਦਿਆਂ ਨੂੰ ਸੌਂਪੇ।

ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸੰਸਦ ਮੈਂਬਰ ਦਾ ਧੰਨਵਾਦ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਚਲਾਈ ਮੁਹਿੰਮ ਤਹਿਤ ਨੌਜੁਆਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਉਹ ਚਾਹੁੰਦੇ ਸਨ ਕਿ ਸਥਾਨਕ ਸਟੇਡੀਅਮ ਵਿੱਚ ਕੁੱਝ ਜ਼ਰੂਰੀ ਘਾਟਾਂ ਜਿਨ੍ਹਾਂ ਵਿੱਚ ਖਿਡਾਰੀਆਂ ਲਈ ਇੱਕ ਵੱਡਾ ਕਮਰਾ, ਚੇਂਜਿੰਗ ਰੂਮ, ਲੜਕੇ ਅਤੇ ਲੜਕੀਆਂ ਲਈ ਵੱਖਰੇ-ਵੱਖਰੇ ਪਖ਼ਾਨੇ ਆਦਿ ਨੂੰ ਪੂਰਾ ਕਰਨ ਲਈ ਸ੍ਰੀ ਖੰਨਾ ਦਾ ਸਹਿਯੋਗ ਲਿਆ ਜਾਵੇ ਅਤੇ ਉਨ੍ਹਾਂ ਇੱਕ ਵਾਰ ਮੰਗ ਕਰਨ 'ਤੇ ਹੀ ਖੁਦ ਆ ਕੇ ਗਰਾਂਟ ਦਾ ਚੈੱਕ ਸੌਂਪ ਦਿੱਤਾ। ਸ੍ਰੀ ਖੰਨਾ ਇਸ ਤੋਂ ਬਾਅਦ ਬੈਡਮਿੰਟਨ ਸਟੇਡੀਅਮ ਦਾ ਦੌਰਾ ਕਰਨ ਵੀ ਆਏ।

ਡਿਪਟੀ ਕਮਿਸ਼ਨਰ ਵਲੋਂ ਇੰਨਡੋਰ ਸਟੇਡੀਅਮ ਦੇ ਸੁਧਾਰ ਲਈ ਯੋਗਦਾਨ ਪਾਉਣ ਦੀ ਮੰਗ 'ਤੇ ਅਤੇ ਜ਼ਿਲ੍ਹੇ ਦੇ ਭਾਜਪਾ ਆਗੂਆਂ ਵੱਲੋਂ ਜ਼ੋਰ ਪਾਉਣ 'ਤੇ ਉਨ੍ਹਾ ਨੇ ਇੱਥੇ ਸਥਿੱਤ ਤਿੰਨ ਬੈਡਮਿੰਟਨ ਕੋਰਟਸ ਵਿੱਚੋਂ ਇੱਕ ਨੂੰ 'ਵੂਡਨ ਕੋਰਟ' ਵਿੱਚ ਤਬਦੀਲ ਕਰਨ ਲਈ ਲੋੜੀਂਦੀ ਗਰਾਂਟ ਦੇਣ ਦਾ ਭਰੋਸਾ ਦਿੱਤਾ। ਸ੍ਰੀ ਖੰਨਾ ਨੇ ਇਸ ਮੌਕੇ ਆਖਿਆ ਕਿ ਜੇਕਰ ਜ਼ਿਲ੍ਹੇ ਵਿੱਚੋਂ ਕੌਮੀ ਪੱਧਰ ਦੇ ਖਿਡਾਰੀ ਪੈਦਾ ਕਤੇ ਜਾਣਗੇ ਅਤੇ ਤਮਗੇ ਹਾਸਲ ਕਰਕੇ ਲਿਆਉਣਗੇ ਤਾਂ ਉਹ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹੋਰ ਗਰਾਂਟ ਵੀ ਦੇਣਗੇ।