arrow

ਪੰਚਾਇਤ ਮੰਤਰੀ ਵੱਲੋਂ ਸਰਕਾਰੀ ਸਕੂਲ ਦੀ ਅਚਨਚੇਤੀ ਚੈਕਿੰਗ

ਬਰਨਾਲਾ, 5 ਜੁਲਾਈ-

ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਕੋਠੀ ਨਹਿਰ ਸ਼ਹਿਣਾ ਵਿਖੇ ਅਚਨਚੇਤ ਦੌਰਾ ਕਰਕੇ ਸਕੂਲ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਨੇ ਸਕੂਲ ਦੇ ਅਧਿਆਪਕਾਂ ਤੇ ਹੋਰ ਅਮਲੇ ਦੀ ਹਾਜ਼ਰੀ, ਸਾਫ਼-ਸਫ਼ਾਈ ਤੇ ਮਿਡ ਡੇ ਮੀਲ ਦਾ ਨਿਰੀਖਣ ਕੀਤਾ।

ਸ. ਮਲੂਕਾ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਪ੍ਰਦਾਨ ਕਰਨ ਲਈ ਪੰਚਾਇਤੀ ਰਾਜ ਅਧੀਨ ਆਉਂਦੇ ਸਕੂਲਾਂ ਨੂੰ ਹੋਰ ਬਿਹਤਰ ਬਣਾਉਣ ਲਈ ਵਚਨਬੱਧ ਹੈ। ਸ. ਮਲੂਕਾ ਨੇ ਦੱਸਿਆ ਕਿ ਉਹ ਭਵਿੱਖ 'ਚ ਪੰਚਾਇਤੀ ਰਾਜ ਅਧੀਨ ਆਉਂਦੇ ਸਕੂਲਾਂ, ਡਿਸਪੈਂਸਰੀਆਂ ਤੇ ਹੋਰ ਅਦਾਰਿਆਂ ਦੀ ਨਿਰੰਤਰ ਅਚਨਚੇਤੀ ਚੈਕਿੰਗ ਕਰਦੇ ਰਹਿਣਗੇ ਤਾਂ ਕਿ ਇਨ੍ਹਾਂ ਸੰਸਥਾਵਾਂ 'ਚ ਅਨੁਸ਼ਾਸਨਬੱਧਤਾ ਅਤੇ ਸਮੇਂ ਦੀ ਪਾਲਣਾ ਯਕੀਨੀ ਬਣਾਈ ਜਾਵੇ। 

ਇਸ ਚੈਕਿੰਗ ਦੌਰਾਨ ਸਕੂਲ ਦੇ ਸਮੁੱਚੇ ਅਧਿਆਪਕ ਤੇ ਹੋਰ ਕਰਮਚਾਰੀ ਹਾਜ਼ਰ ਸਨ ਪ੍ਰੰਤੂ ਸਕੂਲ ਇਮਾਰਤ ਨੂੰ ਢੁਕਵਾਂ ਰਸਤਾ ਨਾ ਲਗਦਾ ਹੋਣ ਕਾਰਨ ਸ. ਮਲੂਕਾ ਨੇ ਪਿੰਡ ਦੇ ਸਰਪੰਚ ਨੂੰ ਇਸ ਸਕੂਲ ਨੂੰ ਚੰਗੀ ਇਮਾਰਤ 'ਚ ਤਬਦੀਲ ਕਰਨ ਅਤੇ ਇਥੇ ਬਹੁਤ ਘੱਟ ਗਿਣਤੀ 'ਚ ਵਿਦਿਆਰਥੀ ਹੋਣ ਕਾਰਨ ਇਸ ਸਕੂਲ 'ਚ ਹੋਰ ਵਿਦਿਆਰਥੀ ਦਾਖ਼ਲ ਕਰਵਾਉਣ ਲਈ ਆਖਿਆ। ਉਨ੍ਹਾਂ ਕਿਹਾ ਕਿ ਗਰੀਬ ਤੇ ਲੋੜਵੰਦਾਂ ਲੋਕਾਂ ਦੇ ਬੱਚਿਆਂ ਨੂੰ ਚੰਗੀ ਵਿੱਦਿਆ ਪ੍ਰਦਾਨ ਕਰਨ ਲਈ ਇਨ੍ਹਾਂ ਸਕੂਲਾਂ ' ਵੱਧ ਤੋਂ ਵੱਧ ਦਾਖ਼ਲ ਕਰਵਾਇਆ ਜਾਵੇ।

ਪੰਚਾਇਤ ਮੰਤਰੀ ਨੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਸਮੁੱਚੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਵਡੇਰੇ ਜਨਤਕ ਹਿੱਤਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨ ਲਈ ਆਪਣੀ ਡਿਊਟੀ ਸਮਰਪਿਤ ਭਾਵਨਾ, ਵਚਨਬੱਧਤਾ, ਇਮਾਨਦਾਰੀ ਅਤੇ ਸੰਜੀਦਗੀ ਨਾਲ ਨਿਭਾਉਣ, ਕਿਉਂਕਿ ਇਸ ਵਿਭਾਗ ਦਾ ਰਾਜ ਦੀ ਬਹੁ ਗਿਣਤੀ ਵੱਸੋਂ ਨਾਲ ਸਿੱਧਾ ਰਾਬਤਾ ਹੁੰਦਾ ਹੈ।