arrow

ਲੋਕ ਛੋਟੇ ਝਗੜੇ ਸਹਿਮਤੀ ਨਾਲ ਨਿਪਟਾਉਣ ਨੂੰ ਤਰਜੀਹ ਦੇਣ-ਕੌਲ

ਅੰਮ੍ਰਿਤਸਰ, 5 ਜੁਲਾਈ-

ਅਦਾਲਤ ਵਿਚ ਲੰਬਿਤ ਪਏ ਮਾਮਲਿਆਂ ਨੂੰ ਘੱਟ ਕਰਨ ਦੇ ਮਕਸਦ ਅਤੇ ਲੋਕਾਂ ਨੂੰ ਕਾਨੂੰਨੀ ਪ੍ਰਿਕਿਆ ਵਿਚ ਰਹਿ ਕੇ ਛੇਤੀ ਅਤੇ ਸੌਖਾ ਨਿਆਂ ਦਿਵਾਉਣ ਦੇ ਮਕਸਦ ਨਾਲ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿਚ ਖੋਲ੍ਹੇ ਗਏ ਵਿਕਲਪੀ ਝਗੜਾ ਨਿਵਾਰਣ ਕੇਂਦਰ (ਅਲਟਰਨੇਟਿਵ ਡਿਸਪਿਉਟ ਰੈਜੂਲੁਸ਼ਨ ਸੈਂਟਰ) ਦਾ ਉਦਘਾਟਨ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮੁੱਖ ਜੱਜ ਮਾਣਯੋਗ ਸੰਜੈ ਕਿਸ਼ਨ ਕੌਲ ਨੇ ਕੀਤਾ।

ਉਨਾਂ ਇਸ ਕੇਂਦਰ ਦੇ ਨਿਰਮਾਣ ਲਈ  ਜਸਟਿਸ ਸ. ਜਸਬੀਰ ਸਿੰਘ ਨੂੰ ਵਧਾਈ ਦਿੰਦੇ ਕਿਹਾ ਕਿ ਉਨ੍ਹਾਂ ਦੇ ਯਤਨਾਂ ਨਾਲ ਪੰਜਾਬ ਵਿਚ ਇਹ ਆਪਣੀ ਤਰਾਂ ਦਾ ਨਿਵੇਕਲਾ ਕੇਂਦਰ ਹੋਂਦ ਵਿਚ ਆ ਸਕਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੇਂਦਰ ਦੀ ਸਹਾਇਤਾ ਨਾਲ ਆਪਣੇ ਝਗੜੇ ਨਿਪਟਾਉਣ ਨੂੰ ਤਰਜੀਹ ਦੇਣ, ਜਿਸ ਨਾਲ ਜਿੱਥੇ ਉਨ੍ਹਾਂ ਦਾ ਪੈਸਾ ਅਤੇ ਸਮਾਂ ਬਚੇਗਾ, ਉਥੇ ਅਦਾਲਤਾਂ ਵੀ ਗੰਭੀਰ ਕੇਸਾਂ ਵੱਲ ਜ਼ਿਆਦਾ ਧਿਆਨ ਦੇ ਸਕਣਗੀਆਂ।

ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ ਅਦਾਲਤਾਂ ਵਿਚ ਕੇਵਲ ਤਿੰਨ ਫੀਸਦੀ ਕੇਸ ਹੀ ਪੰਜ ਸਾਲ ਤੋਂ ਪੁਰਾਣੇ ਹਨ।  ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਕੇਂਦਰ ਵਿਚ ਪੱਕੀ ਲੋਕ ਅਦਾਲਤ ਤੋਂ ਇਲਾਵਾ ਦੋਵਾਂ ਧਿਰਾਂ ਵਿਚਾਲੇ ਵਿਚੋਲਗੀ ਕਰਕੇ ਅਦਾਲਤ ਤੋਂ ਬਾਹਰ ਹੀ ਛੋਟੇ-ਮੋਟੇ ਝਗੜੇ ਨਿਪਟਾਏ ਜਾਣਗੇ। ਉਨਾਂ ਕਿਹਾ ਕਿ ਸੁਲਾਹ-ਸਫਾਈ ਨਾਲ ਵਿਵਾਦ ਨਿਪਟਾਉਣ ਲਈ ਦੋਵਾਂ ਧਿਰਾਂ ਨੂੰ ਇਸ ਤੋਂ ਪੂਰਾ ਸਹਿਯੋਗ ਮਿਲੇਗਾ। ਉਨ੍ਹਾਂ ਦੱਸਿਆ ਕਿ ਇਸ ਕੇਂਦਰ ਵਿਚ ਤਿੰਨ ਕਮਰੇ ਇਸ ਕੰਮ ਲਈ ਰਾਖਵੇਂ ਰੱਖੇ ਗਏ ਹਨ, ਜਿੱਥੇ ਕਿ ਮਾਹਿਰ ਵਕੀਲ ਦੋਵਾਂ ਧਿਰਾਂ ਨੂੰ ਰਾਜ਼ੀਨਾਮੇ ਨਾਲ ਝਗੜਾ ਨਿਪਟਾਉਣ ਵਿਚ ਮਦਦ ਕਰਨਗੇ।

ਇਸਦੇ ਨਾਲ-ਨਾਲ ਸਿੱਖਿਅਤ ਵਲੰਟੀਅਰ ਹਰ ਸਮੇਂ ਇਸ ਕੇਂਦਰ ਵਿਚ ਲੋਕਾਂ ਦੀ ਸਹਾਇਤਾ ਲਈ ਤਿਆਰ ਰਹਿਣਗੇ। ਉਨ੍ਹਾਂ ਕਿਹਾ ਕਿ ਅਜਿਹੇ ਵਲੰਟੀਅਰ ਤਿਆਰ ਕਰਨ ਲਈ ਇਸ ਵਿਚ ਇਕ ਵਿਸ਼ੇਸ਼ ਕੇਂਦਰ ਕਾਇਮ ਕੀਤਾ ਗਿਆ ਹੈ, ਜਿੱਥੇ ਕਿ 50 ਵਲੰਟੀਅਰਾਂ ਨੂੰ ਇਕੋ ਸਮੇਂ ਸੇਵਾਵਾਂ ਦੇਣ ਲਈ ਸਿੱਖਿਅਤ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਇਸ ਕੰਪਲੈਕਸ ਵਿਚ ਪੱਕੀ ਲੋਕ ਅਦਾਲਤ ਕਾਇਮ ਕੀਤੀ ਗਈ ਹੈ, ਜਿੱਥੇ ਕਿ ਲੋਕ ਨਿਆਂ ਲਈ ਆ ਸਕਦੇ ਹਨ। ਇਸ ਮੌਕੇ ਜਸਟਿਸ ਜਸਬੀਰ ਸਿੰਘ ਹੁਰਾਂ ਵੱਲੋਂ ਮੁੱਖ ਮਹਿਮਾਨ ਨੂੰ ਸਨਮਾਨਿਤ ਵੀ ਕੀਤਾ ਗਿਆ।

ਅੱਜ ਇਸ ਮੌਕੇ 'ਤੇ ਉਨ੍ਹਾਂ ਨਾਲ ਜਸਟਿਸ ਜਸਬੀਰ ਸਿੰਘ, ਜਸਟਿਸ ਐਸ ਕੇ ਮਿੱਤਲ, ਜਸਟਿਸ ਐਸ ਐਸ ਸਰਾਉਂ, ਜਸਟਿਸ ਪੀ ਪੀ ਐਸ ਮਾਨ, ਜਸਟਿਸ ਪਰਮਜੀਤ ਸਿੰਘ, ਜ਼ਿਲ੍ਹਾ ਤੇ ਸੈਸ਼ਨ ਜੱਜ ਗੁਰਬੀਰ ਸਿੰਘ, ਸੈਕਟਰੀ ਲੀਗਲ ਸਰਵਿਸ ਸ੍ਰੀ ਅਰੁਣ ਅਗਰਵਾਲ, ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਕਮਿਸ਼ਨਰ ਪੁਲਿਸ ਜਤਿੰਦਰ ਸਿੰਘ ਔਲਖ, ਭਾਜਪਾ ਆਗੂ ਲਕਸ਼ਮੀ ਕਾਂਤਾ ਚਾਵਲਾ ਅਤੇ ਹੋਰ ਜੱਜ ਸਾਹਿਬਾਨ ਹਾਜ਼ਰ ਸਨ।