arrow

ਟ੍ਰਾਂਸਪੋਰਟ ਦਫ਼ਤਰਾਂ ਵਿਚ ਸਟਾਫ ਦੀ ਕਮੀ ਦੂਰ ਹੋਵੇਗੀ-ਕੋਹਾੜ

ਜਲੰਧਰ, 5 ਜੁਲਾਈ-

ਰਾਜ ਦੇ ਸਾਰੇ ਜ਼ਿਲ੍ਹਾ ਟ੍ਰਾਂਸਪੋਰਟ ਦਫ਼ਤਰਾਂ ਵਿਚ ਸਟਾਫ ਦੀ ਕਮੀ ਨੂੰ ਜਲਦ ਦੂਰ ਕੀਤਾ ਜਾਵੇਗਾ ਅਤੇ ਵਰਕਸ਼ਾਪਾਂ ਵਿਚ ਵੀ ਨਵੀਂ ਭਰਤੀ ਕੀਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਟ੍ਰਾਂਸਪੋਰਟ ਮੰਤਰੀ ਪੰਜਾਬ ਸ: ਅਜੀਤ ਸਿੰਘ ਕੋਹਾੜ ਨੇ ਅੱਜ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਸਥਿਤ ਡੀ. ਟੀ. ਓ ਦਫ਼ਤਰ ਦੀ ਅਚਨਚੇਤ ਚੈਕਿੰਗ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਟ੍ਰਾਂਸਪੋਰਟ ਦਫ਼ਤਰਾਂ ਵਿਚ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਇਕ ਹਫ਼ਤੇ ਦੇ ਅੰਦਰ ਦੂਰ ਕਰ ਦਿੱਤਾ ਜਾਵੇਗਾ। ਸ. ਕੋਹਾੜ ਨੇ ਕਿਹਾ ਕਿ ਉਹ ਇਥੇ ਆਮ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਦਾ ਜਾਇਜ਼ਾ ਲੈਣ ਆਏ ਹਨ ਅਤੇ ਇਸ ਮੌਕੇ ਉਨ੍ਹਾਂ ਦੇਖਿਆ ਕਿ ਇਥੇ ਕੰਮ ਕਰਵਾਉਣ ਆਏ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਤਾਂ ਨਹੀਂ ਆ ਰਹੀ। ਉਨ੍ਹਾਂ ਡੀ. ਟੀ. ਓ ਦਫ਼ਤਰ ਦੇ ਵੱਖ-ਵੱਖ ਕਮਰਿਆਂ ਵਿਚ ਜਾ ਕੇ ਉਥੇ ਹੋ ਰਹੇ ਕੰਮਕਾਜ਼ ਦਾ ਜਾਇਜ਼ਾ ਲਿਆ।

ਇਸ ਦੌਰਾਨ ਉਨ੍ਹਾਂ ਉਥੇ ਆਪਣਾ ਕੰਮ ਕਰਵਾਉਣ ਆਏ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਕਿਹਾ ਕਿ ਉਚ ਸੁਰੱਖਿਆ ਨੰਬਰ ਪਲੇਟਾਂ ਸਬੰਧੀ ਲੋਕਾਂ ਨੂੰ ਆ ਰਹੀ ਸਮੱਸਿਆ ਨੂੰ ਜਲਦ ਦੂਰ ਕਰ ਦਿੱਤਾ ਜਾਵੇਗਾ। ਸ: ਕੋਹਾੜ ਨੇ ਕਿਹਾ ਕਿ ਉਹ ਅੱਜ ਡੀ. ਟੀ. ਓ ਦਫ਼ਤਰ ਪਟਿਆਲਾ ਦੀ ਵੀ ਚੈਕਿੰਗ ਕਰਕੇ ਆਏ ਹਨ ਅਤੇ ਉਥੇ ਉਨ੍ਹਾਂ ਸਟਾਫ ਦੀ ਹਾਜ਼ਰੀ ਅਤੇ ਹੋ ਰਹੇ ਕੰਮ ਕਾਰ ਦਾ ਜਾਇਜ਼ਾ ਲਿਆ।

ਇਸ ਮੌਕੇ ਉਨ੍ਹਾਂ ਕਿਹਾ ਕਿ ਲੋਕ ਟ੍ਰੈਫਿਕ ਅਤੇ ਟ੍ਰਾਂਸਪੋਰਟ ਸਬੰਧੀ ਪੇਸ਼ ਆ ਰਹੀਆਂ ਮੁਸ਼ਕਿਲਾਂ ਲਈ ਵਿਭਾਗ ਦੇ ਟੈਲੀਫੋਨ ਨੰਬਰ 0172-2741506 ਉਤੇ ਸੰਪਰਕ ਕਰ ਸਕਦੇ ਹਨ। ਬੱਸ ਕਿਰਾਇਆਂ ਵਿਚ ਵਾਧੇ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸਪੇਅਰ ਪਾਰਟਸ ਦੀਆਂ ਕੀਮਤਾਂ ਵਧਣ ਕਾਰਨ ਕਿਰਾਏ ਵਧਾਏ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ਦਾ ਕਿਰਾਇਆ ਇਕੋ-ਜਿਹਾ ਹੋ ਗਿਆ ਹੈ ਅਤੇ ਇਹ ਸਭ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖ ਕੇ ਕੀਤਾ ਗਿਆ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਪ੍ਰੀਤਮ ਸਿੰਘ, ਡੀ. ਟੀ. ਓ ਸ੍ਰੀ ਪਰਮਜੀਤ ਸਿੰਘ, ਏ. ਡੀ. ਟੀ. ਓ ਸ੍ਰੀ ਜੇ. ਐਸ ਢਿੱਲੋਂ ਅਤੇ ਹੋਰ ਅਧਿਕਾਰੀ ਹਾਜ਼ਰ ਸਨ।