arrow

ਅਕਾਲੀ ਦਲ ਗੁਰਦੁਆਰਿਆਂ ਨੂੰ ਆਪਣੇ ਹਿੱਤਾਂ ਲਈ ਵਰਤ ਰਿਹਾ ਹੈ- ਦਾਦੂਵਾਲ

ਜਲੰਧਰ 5 ਜੁਲਾਈ-

ਪੰਥਕ ਸੇਵਾ ਲਹਿਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਦੋਸ਼ ਲਗਾਇਆ ਕਿ ਹਰਿਆਣੇ ਦੇ ਗੁਰਦੁਆਰਿਆਂ ਤੋਂ ਹੋਣ ਵਾਲੀ ਆਮਦਨ ਨੂੰ ਹਰਿਆਣੇ ਦੇ ਗੁਰਦੁਆਰਿਆਂ ਅਤੇ ਇੱਥੋਂ ਦੇ ਸਿੱਖਾਂ ਦੀ ਬਿਹਤਰੀ ਲਈ ਖ਼ਰਚਣ ਦੀ ਬਜਾਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਆਪਣੇ ਹਿੱਤਾਂ ਲਈ ਵਰਤਦਾ ਹੈ। 

ਉਨ੍ਹਾਂ ਕਿਹਾ ਕਿ ਹਰਿਆਣੇ ਦੇ ਸਿੱਖਾਂ ਦੀ ਬਹੁਸੰਮਤੀ ਵੱਖਰੀ ਗੁਰਦੁਆਰਾ ਕਮੇਟੀ ਦੇ ਹੱਕ ਵਿਚ ਹੈ, ਕਿਉਂਕਿ ਹਰਿਆਣੇ ਵਿਚ ਪੈਂਦੇ ਇਤਿਹਾਸਕ ਗੁਰਧਾਮਾਂ ਦੀ ਸਾਂਭ-ਸੰਭਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਕਾਮ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਹਰਿਆਣੇ ਦੇ ਸਿੱਖ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਗੁਰਧਾਮਾਂ ਦੀ ਸੇਵਾ ਕਰਨ ਲਈ ਵੱਖਰੀ ਕਮੇਟੀ ਕਾਇਮ ਹੋਣੀ ਚਾਹੀਦੀ ਹੈ ਤੇ ਬਾਦਲ ਸਾਹਿਬ ਨੂੰ ਇਸ ਮਾਮਲੇ ਵਿਚ ਦਖਲ-ਅੰਦਾਜ਼ੀ ਨਹੀਂ ਕਰਨੀ ਚਾਹੀਦੀ ਤੇ ਉਹ ਇਸ ਕਮੇਟੀ ਵਿਚ ਅੜਿੱਕੇ ਖੜ੍ਹੇ ਨਾ ਕਰਨ।

ਉਨ੍ਹਾਂ ਕਿਹਾ ਕਿ ਜੇਕਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਉਂਦੀ ਹੈ ਤਾਂ ਉਹ ਵੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਵੇਗੀ ਤੇ ਅਸੀਂ ਵੀ ਹਰਿਆਣੇ ਦੀ ਸਮੁੱਚੀ ਸਿੱਖ ਕੌਮ ਪਹਿਲਾਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ। ਜਿਹੜੇ ਲੋਕ ਇਸ ਮਾਮਲੇ ਵਿਚ ਸੰਗਤਾਂ ਨੂੰ ਗੁੰਮਰਾਹ ਕਰਕੇ ਆਪਣਾ ਰਾਜਸੀ ਲਾਹਾਂ ਲੈਣ ਲਈ ਸਾਜ਼ਿਸ਼ਾਂ ਰਚ ਰਹੇ ਹਨ, ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਸਿੱਖ ਕੌਮ ਉਨ੍ਹਾਂ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਭਲੀ ਭਾਂਤ ਜਾਣੂ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਨੂੰ ਸਮਰਪਿਤ ਕੌਮ ਨੂੰ ਸ. ਬਾਦਲ ਵੱਲੋਂ ਸ਼ੁਰੂ ਕੀਤੀ ਹੋਈ ਲਿਫਾਫਾ ਬੰਦ ਕਲਚਰ ਰਾਹੀਂ ਜਥੇਦਾਰ ਦੀ ਨਿਯੁਕਤੀ ਹਰਗਿਜ਼ ਪਸੰਦ ਨਹੀਂ ਹੈ।

ਉਨ੍ਹਾਂ ਕਥਿਤ ਤੌਰ 'ਤੇ ਦੋਸ਼ ਲਗਾਇਆ ਕਿ ਜੀਂਦ ਵਿਚ ਪੈਂਦੇ ਇਕ ਇਤਿਹਾਸਕ ਸਥਾਨ ਦੀ 700 ਏਕੜ ਜ਼ਮੀਨ ਹੈ, ਜਿਸ ਦੀ ਬੋਲੀ ਹਰਿਆਣੇ ਤੋਂ ਨਿਯੁਕਤ ਹੋਏ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਹਾਜ਼ਰੀ ਵਿਚ ਠੇਕਾ ਕਰੋੜਾਂ ਵਿਚ ਗਿਆ ਸੀ। ਜਦਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦਾ ਠੇਕਾ ਲੱਖਾਂ ਵਿਚ ਦਿਖਾ ਕੇ ਬਾਕੀ ਪੈਸੇ ਗਬਨ ਕੀਤੇ ਹਨ। ਹਰਿਆਣੇ ਦੇ ਸਿੱਖਾਂ ਨੂੰ ਆਪਣੇ ਗੁਰਦੁਆਰਿਆਂ ਦੀ ਸੇਵਾ-ਸੰਭਾਲ ਦਾ ਪ੍ਰਬੰਧ ਖ਼ੁਦ ਕਰਨ ਅਤੇ ਇਨ੍ਹਾਂ ਤੋਂ ਹੋਣ ਵਾਲੀ ਆਮਦਨ ਨੂੰ ਹਰਿਆਣੇ ਦੇ ਸਿੱਖਾਂ ਅਤੇ ਗੁਰਧਾਮਾਂ ਦੇ ਵਡੇਰੇ ਹਿੱਤਾਂ ਦੀ ਪੂਰਤੀ ਲਈ ਖ਼ਰਚ ਕਰਨ ਦਾ ਹੱਕ ਮਿਲ ਜਾਵੇ।