arrow

ਵਿਧਾਨ ਸਭਾ ਚੋਣਾਂ ਲਈ ਤੀਜਾ ਬਦਲ ਬਣਾਉਣ 'ਤੇ ਜ਼ੋਰ

ਚੰਡੀਗੜ੍ਹ 5 ਜੁਲਾਈ-

ਯੂਨਾਈਟਿਡ ਸਿੱਖ ਮੂਵਮੈਂਟ ਵਲੋਂ ਅੱਜ ਇਥੇ ਲਾਅ ਭਵਨ ਵਿਖੇ 30 ਸਾਲਾਂ ਦੇ ਸਿੱਖ ਸੰਘਰਸ਼ਾਂ ਦੇ ਸੰਦਰਭ 'ਚ ਦਰਬਾਰ ਸਾਹਿਬ 'ਤੇ ਫੌਜੀ ਕਾਰਵਾਈ ਦੇ ਪ੍ਰਭਾਵਾਂ ਅਤੇ ਭਵਿੱਖ ਦੀ ਰਣਨੀਤੀ ਨੂੰ ਲੈ ਕੇ ਇਕ ਕਨਵੈਨਸ਼ਨ ਆਯੋਜਿਤ ਕੀਤੀ ਗਈ।

ਇਸਦੇ ਮੁੱਖ ਬੁਲਾਰਿਆਂ 'ਚ ਮੂਵਮੈਂਟ ਦੇ ਪ੍ਰਧਾਨ ਭਾਈ ਮੋਹਕਮ ਸਿੰਘ, ਸਰਪ੍ਰਸਤ ਡਾ. ਹਰਿੰਦਰ ਸਿੰਘ ਗਿੱਲ, ਅਤੇ ਸਕੱਤਰ ਜਨ. ਗੁਰਦੀਪ ਸਿੰਘ ਬਠਿੰਡਾ ਤੋਂ ਇਲਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰਮੁਹੰਮਦ, ਡਾ. ਭਗਵਾਨ ਸਿੰਘ ਸੰਧੂ, ਹਰਸਿਮਰਨ ਸਿੰਘ, ਸਵਰਨ ਸਿੰਘ ਸਾਬਕਾ ਆਈ. ਏ. ਐੱਸ., ਦਲਬੀਰ ਸਿੰਘ, ਗੁਰਨਾਮ ਸਿੰਘ ਸਿੱਧੂ, ਕੈ. ਚੰਨਣ ਸਿੰਘ, ਸਤਵੰਤ ਸਿੰਘ ਮਾਣਕ ਅਤੇ ਸਤਨਾਮ ਸਿੰਘ ਮਨਾਣਾ ਦੇ ਨਾਂ ਜ਼ਿਕਰਯੋਗ ਹਨ।

ਇਸ ਕਨਵੈਨਸ਼ਨ ਮੌਕੇ ਹੋਈ ਭਰਵੀਂ ਵਿਚਾਰ ਚਰਚਾ 'ਚ ਸ਼ਾਮਲ ਹੋਣ ਲਈ ਜੋਧਪੁਰ ਯੂਨੀਵਰਸਿਟੀ ਦੇ ਡਾ. ਕੁਮਾਰ ਰਾਜੀਵ, ਅੰਨਾ ਹਜ਼ਾਰੇ ਤੇ ਵੀ. ਪੀ. ਸਿੰਘ ਲਹਿਰ 'ਚ ਸਰਗਰਮ ਰਹੇ ਸੰਤੋਸ਼ ਭਾਰਤੀ ਅਤੇ ਦਲਿਤ ਸਮਾਜ ਦੇ ਪ੍ਰਮੁੱਖ ਆਗੂ ਦਰਸ਼ਨ ਰਤਨ ਰਾਵਣ ਵੀ ਖਾਸ ਮਹਿਮਾਨਾਂ ਵਜੋਂ ਸ਼ਾਮਲ ਹੋਏ। ਇਸ ਵਿਚਾਰ ਚਰਚਾ 'ਚ ਸਿੱਖ ਸੰਘਰਸ਼ਾਂ ਤੇ ਮੌਜੂਦਾ ਸਥਿਤੀਆਂ ਦੇ ਸੰਦਰਭ 'ਚ ਬਹੁਤੇ ਬੁਲਾਰਿਆਂ ਨੇ ਪੰਜਾਬ ਅੰਦਰ ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਨੂੰ ਨਿਆਂ ਦਿਵਾਉਣ ਲਈ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਤੀਜਾ ਬਦਲ ਸਥਾਪਿਤ ਕਰਨ 'ਤੇ ਜ਼ੋਰ ਦਿੱਤਾ।

ਜ਼ਿਕਰਯੋਗ ਹੈ ਕਿ ਇਸ ਚਰਚਾ 'ਚ ਆਮ ਆਦਮੀ ਪਾਰਟੀ ਦੇ ਆਗੂ ਰਾਜੀਵ ਗੋਦਾਰਾ ਵੀ ਸ਼ਾਮਲ ਹੋਏ ਅਤੇ ਪੇਸ਼ ਹੋਏ ਵਿਚਾਰਾਂ ਨਾਲ ਆਪਣੀ ਸਹਿਮਤੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਰਾਜਨੀਤਿਕ ਬਦਲ ਤੋਂ ਬਿਨਾਂ ਅੱਜ ਦੇ ਸਮੇਂ 'ਚ ਮਸਲੇ ਹੱਲ ਨਹੀਂ ਕੀਤੇ ਜਾ ਸਕਦੇ। ਮੂਵਮੈਂਟ ਦੇ ਆਗੂਆਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਭਵਿੱਖ 'ਚ ਚਲਾਈ ਜਾਣ ਵਾਲੀ ਮੁਹਿੰਮ 'ਚ ਹਿੰਦੂ ਵਰਗ ਨੂੰ ਵੀ ਵਿਸ਼ੇਸ਼ ਤੌਰ 'ਤੇ ਨਾਲ ਲਿਆ ਜਾਏਗਾ। ਮੂਵਮੈਂਟ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਦਰਬਾਰ ਸਾਹਿਬ 'ਤੇ ਹੋਏ ਫੌਜੀ ਹਮਲੇ ਦੇ ਸੰਦਰਭ 'ਚ ਲੇਖਾ-ਜੋਖਾ ਕਰਨ ਲਈ ਹੀ ਅੱਜ ਦੀ ਕਨਵੈਨਸ਼ਨ ਸੱਦੀ ਗਈ ਸੀ।

ਉਨ੍ਹਾਂ ਕਿਹਾ ਕਿ ਜਿਥੇ 30 ਸਾਲਾਂ ਦੇ ਸਿੱਖ ਸੰਘਰਸ਼ਾਂ ਦੌਰਾਨ ਪ੍ਰਾਪਤੀਆਂ ਹੋਈਆਂ ਹਨ, ਉਥੇ ਬਹੁਤ ਗਲਤੀਆਂ ਵੀ ਹੋਈਆਂ ਹਨ। ਭਵਿੱਖ 'ਚ ਇਨ੍ਹਾਂ ਨੂੰ ਸੁਧਾਰ ਕੇ ਸਿੱਖਾਂ ਦੇ ਹੱਕਾਂ ਦੀ ਰਾਖੀ ਕਰਨ ਲਈ ਮਜ਼ਬੂਤ ਲਹਿਰ ਦੀ ਲੋੜ ਹੈ।  ਉਨ੍ਹਾਂ ਕਿਹਾ ਕਿ ਪੰਜਾਬ 'ਚ ਹਾਲ ਹੀ 'ਚ ਹੋਈਆਂ ਲੋਕਸਭਾ ਚੋਣਾਂ ਦੇ ਨਤੀਜਿਆਂ ਤੋਂ ਸਪੱਸ਼ਟ ਹੈ ਕਿ ਲੋਕ ਅਕਾਲੀ-ਭਾਜਪਾ ਤੇ ਕਾਂਗਰਸ ਦੋਵਾਂ ਤੋਂ ਤੰਗ ਹਨ ਅਤੇ ਤੀਜੇ ਬਦਲ ਲਈ ਜ਼ਮੀਨ ਤਿਆਰ ਹੋ ਚੁੱਕੀ ਹੈ।  ਉਨ੍ਹਾਂ ਅਕਾਲ ਤਖਤ ਦੇ ਮੌਜੂਦਾ ਜਥੇਦਾਰਾਂ ਦੀ ਭੂਮਿਕਾ 'ਤੇ ਸੁਆਲ ਉਠਾਉਂਦਿਆਂ ਕਿਹਾ ਕਿ ਅੱਜ ਗੁਰਦਿਆਲ ਸਿੰਘ ਅਜਨੋਹਾ ਵਰਗੇ ਜਥੇਦਾਰ ਦੀ ਕੌਮ ਨੂੰ ਲੋੜ ਹੈ।

ਫੈਡਰੇਸ਼ਨ ਆਗੂ ਪੀਰਮੁਹੰਮਦ ਨੇ ਕਿਹਾ ਕਿ ਭਾਵੇਂ 30 ਸਾਲਾਂ ਦੇ ਸੰਘਰਸ਼ਾਂ ਦੌਰਾਨ ਸਿੱਖਾਂ ਦੀ ਨਸਲਕੁਸ਼ੀ ਹੋਈ ਹੈ ਪ੍ਰੰਤੂ ਅੱਜ ਵੀ ਨਸ਼ਿਆਂ ਰਾਹੀਂ ਨਸਲਕੁਸ਼ੀ ਜਾਰੀ ਹੈ। ਵੱਡੇ ਸਮੱਗਲਰ ਖੁੱਲ੍ਹੇ ਘੁੰਮ ਰਹੇ ਹਨ । ਉਨ੍ਹਾਂ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ 'ਤੇ ਸੁਆਲ ਉਠਾਉਂਦਿਆਂ ਕਿਹਾ ਕਿ ਇੰਨੇ ਵੱਡੇ ਅਹੁਦੇ ਵਾਲਾ ਆਗੂ ਅੱਜਕਲ ਐੱਸ.ਜੀ.ਪੀ.ਸੀ. ਦੇ ਇਕ ਸਬ ਕਮੇਟੀ ਦਾ ਮੈਂਬਰ ਬਣ ਕੇ ਹਰਿਆਣਾ ਦੇ ਆਗੂਆਂ 'ਚ ਵਿਚੋਲਗੀ ਕਰਨ ਦਾ ਰੋਲ ਨਿਭਾ ਰਿਹਾ ਹੈ। ਰਾਮਰਤਨ ਰਾਵਣ ਨੇ ਕਿਹਾ ਕਿ ਲੜ ਮਰਨਾ ਅਤੇ ਸ਼ਹੀਦ ਹੋਣਾ ਆਸਾਨ ਹੈ ਪਰ ਅੱਜ ਦੇ ਸਮੇਂ 'ਚ ਹਰੇਕ ਨੂੰ ਨਾਲ ਲੈ ਕੇ ਚਲਣਾ ਮੁਸ਼ਕਿਲ ਹੈ।  ਇਸ ਕਾਨਫਰੰਸ ਦੌਰਾਨ ਸਿੱਖ ਨਜ਼ਰਬੰਦਾਂ ਦੀ ਰਿਹਾਈ ਅਤੇ ਪੰਜਾਬ ਦੇ ਪਾਣੀਆਂ, ਰਾਜਧਾਨੀ ਅਤੇ ਪੰਜਾਬੀ ਬੋਲਦੇ ਇਲਾਕਿਆਂ ਜਿਹੇ ਲਟਕ ਰਹੇ ਮਸਲਿਆਂ ਦੇ ਹੱਲ ਦੀ ਵੀ ਸਰਕਾਰਾਂ ਤੋਂ ਮੰਗ ਕੀਤੀ ਗਈ।

ਭਿੰਡਰਾਂਵਾਲਾ ਨੂੰ ਜ਼ਖਮੀ ਕਹਿਣ 'ਤੇ ਇਤਰਾਜ਼ ਉਠਿਆ- ਸਿੱਖ ਮੂਵਮੈਂਟ ਦੀ ਕਾਨਫਰੰਸ ਦੌਰਾਨ ਜਦੋਂ ਇਕ ਬੁਲਾਰੇ ਦਲਬੀਰ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਤੱਥਾਂ ਦੇ ਹਵਾਲੇ ਨਾਲ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਫੌਜੀ ਕਾਰਵਾਈ ਦੌਰਾਨ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਸੁਰੱਖਿਆ ਬਲਾਂ ਨੇ ਜ਼ਖਮੀ ਹਾਲਤ 'ਚ ਬਾਹਰ ਲਿਜਾ ਕੇ ਬੇਰਹਿਮੀ ਨਾਲ ਮਾਰਿਆ ਤਾਂ ਇਸ ਉਪਰ ਸਤਨਾਮ ਸਿੰਘ ਮਨਾਣਾ ਨਾਂ ਦੇ ਆਗੂ ਨੇ ਇਤਰਾਜ਼ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਜਰਨੈਲ ਸਿੰਘ ਦਰਬਾਰ ਸਾਹਿਬ ਅੰਦਰ ਹੀ ਫੌਜ ਨਾਲ ਟਾਕਰਾ ਕਰਦੇ ਸ਼ਹੀਦ ਹੋਏ ਹਨ। ਮਨਾਣਾ ਨੇ ਕਿਹਾ ਕਿ ਅਜਿਹਾ ਪ੍ਰਚਾਰ ਸਰਕਾਰਾਂ ਦਾ ਹੈ ਅਤੇ 20 ਸਾਲ ਇਹੋ ਪ੍ਰਚਾਰ ਹੁੰਦਾ ਰਿਹਾ ਕਿ ਭਿੰਡਰਾਂਵਾਲਾ ਜ਼ਿੰਦਾ ਹਨ। ਬਹਿਸ ਵਧਦੀ ਵੇਖ ਕੇ ਆਖਿਰ ਦਲਬੀਰ ਸਿੰਘ ਆਪਣੇ ਭਾਸ਼ਣ ਨੂੰ ਵਿਚੇ ਮੁਕਾ ਕੇ ਬਹਿ ਗਏ, ਜਿਸ ਨਾਲ ਮਾਮਲਾ ਸ਼ਾਂਤ ਹੋਇਆ।