arrow

ਇਰਾਕ ਤੋਂ ਭਾਰਤੀ ਨਰਸਾਂ ਨੂੰ ਲੈ ਕੇ ਮੁੰਬਈ ਪਹੁੰਚਿਆ ਹਵਾਈ ਜਹਾਜ਼

ਤਿਰੂਵਨੰਤਪੁਰਮ 5 ਜੁਲਾਈ-

ਕੇਰਲ ਦੇ ਮੁੱਖ ਮੰਤਰੀ ਓਮਾਨ ਚਾਂਡੀ ਨੇ ਦੱਸਿਆ ਹੈ ਕਿ ਇਰਾਕ 'ਚ ਸੁੰਨੀ ਅੱਤਵਾਦੀਆਂ ਨੇ ਬੰਧਕ ਬਣਾਈਆਂ ਗਈਆਂ 46 ਭਾਰਤੀ ਨਰਸਾਂ ਨੂੰ ਰਿਹਾਅ ਕਰ ਦਿੱਤਾ ਹੈ ਅਤੇ ਉਹ ਸ਼ਨੀਵਾਰ ਨੂੰ ਆਪਣੇ ਘਰ ਪਰਤ ਜਾਣਗੀਆਂ।

ਉਨ੍ਹਾਂ ਨੂੰ ਲੈਣ ਲਈ ਏਅਰ ਇੰਡੀਆਂ ਦਾ ਇਕ ਹਵਾਈ ਜਹਾਜ਼ ਰਾਸ਼ਟਰੀ ਰਾਜਧਾਨੀ ਤੋਂ ਸ਼ੁੱਕਰਵਾਰ ਦੀ ਸ਼ਾਮ ਨੂੰ ਕੁਰਦੀਸਤਾਨ ਦੀ ਰਾਜਧਾਨੀ ਇਰਬਿਲ ਲਈ ਰਵਾਨਾ ਹੋ ਗਿਆ ਸੀ। ਹਵਾਈ ਜਹਾਜ਼ 'ਚ ਕੇਂਦਰ ਅਤੇ ਕੇਰਲ ਸਰਕਾਰ ਦਾ 1-1 ਅਧਿਕਾਰੀ ਮੌਜੂਦ ਹੈ। ਹਵਾਈ ਜਹਾਜ਼ ਹੁਣ ਮੁੰਬਈ 'ਚ ਪਹੁੰਚ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਹਥਿਆਰਬੰਦ ਅੱਤਵਾਦੀ ਇਨ੍ਹਾਂ ਨਰਸਾਂ ਨੂੰ ਬੱਸ 'ਚ ਬਿਠਾ ਕੇ ਤਿਕਰਿਤ ਤੋਂ ਮੋਸੁਲ ਲੈ ਕੇ ਗਏ ਸਨ। ਸ਼ੁੱਕਰਵਾਰ ਦੀ ਸਵੇਰ ਨੂੰ ਉਨ੍ਹਾਂ ਨੂੰ ਕੇਰਲ 'ਚ ਮੌਜੂਦ ਉਨ੍ਹਾਂ ਦੇ ਪਰਿਵਾਰ ਨਾਲ ਗੱਲਬਾਤ ਦੀ ਆਗਿਆ ਦਿੱਤੀ ਗਈ ਸੀ ਅਤੇ ਖਾਣ ਲਈ ਖਾਣਾ ਵੀ ਦਿੱਤਾ ਗਿਆ ਸੀ।

ਦੂਜੇ ਪਾਸੇ ਇਰਾਕ ਨੇ ਦੇਸ਼ ਦੇ ਸਭ ਤੋਂ ਵੱਡੇ ਤੇਲ ਸ਼ੋਧਕ ਕਾਰਖਾਨੇ 'ਤੇ ਕਬਜ਼ਾ ਕਰਨ ਦਾ ਯਤਨ ਕਰ ਰਹੇ ਸੁੰਨੀ ਅੱਤਵਾਦੀਆਂ 'ਤੇ ਹਵਾਈ ਹਮਲੇ ਕੀਤੇ ਅਤੇ ਦਾਅਵਾ ਕੀਤਾ ਹੈ ਕਿ ਉਨ੍ਹਾਂ 'ਚੋਂ ਕਰੀਬ 30 ਅੱਤਵਾਦੀ ਮਾਰੇ ਗਏ ਹਨ। ਇਰਾਕੀ ਅੱਤਵਾਦ ਵਿਰੋਧੀ ਬਲ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ।