arrow

ਭਾਰ ਘਟਾਉਣ ਲਈ ਛੋਟੀ ਪਲੇਟ 'ਚ ਖਾਓ

ਨਵੀਂ ਦਿੱਲੀ 5 ਜੁਲਾਈ-

ਜੇ ਤੁਹਾਡਾ ਭਾਰ ਜ਼ਿਆਦਾ ਹੈ ਅਤੇ ਤੁਸੀਂ ਇਸ ਨੂੰ ਘਟਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਆਪਣੀ ਕ੍ਰਾਕਰੀ ਵੱਲ ਧਿਆਨ ਦੇਣਾ ਪਵੇਗਾ। ਇਹ ਦੇਖਣਾ ਜ਼ਰੂਰੀ ਹੈ ਕਿ ਤੁਹਾਡੀ ਪਲੇਟ, ਚਮਚ, ਕੌਲੀ ਤੇ ਗਿਲਾਸ ਦਾ ਆਕਾਰ ਕਿੰਨਾ ਵੱਡਾ ਹੈ। ਜਿੰਨੀ ਵੱਡੀ ਪਲੇਟ ਹੋਵੇਗੀ, ਓਨਾ ਹੀ ਤੁਸੀਂ ਜ਼ਿਆਦਾ ਖਾਓਗੇ।

ਨਿਊਯਾਰਕ 'ਚ ਹੋਏ ਇਕ ਅਧਿਐਨ ਅਨੁਸਾਰ ਭਾਂਡਿਆਂ ਦਾ ਆਕਾਰ ਤੁਹਾਨੂੰ ਭੋਜਨ ਘੱਟ-ਵੱਧ ਕਰਨ ਵਿਚ ਕਾਫੀ ਮਦਦ ਕਰਦਾ ਹੈ ਕਿਉਂਕਿ ਜੇ ਤੁਸੀਂ ਛੋਟੀ ਪਲੇਟ ਵਿਚ ਖਾਣਾ ਖਾਂਦੇ ਹੋ ਤਾਂ ਉਸ ਵਿਚ ਥੋੜ੍ਹਾ ਖਾਣਾ ਆਏਗਾ। ਤੁਸੀਂ ਦੁਬਾਰਾ ਪਲੇਟ ਵਿਚ ਪਾਉਣ ਦੀ ਹਿੰਮਤ ਨਹੀਂ ਕਰ ਸਕੋਗੇ ਕਿਉਂਕਿ ਭਾਰ ਘੱਟ ਕਰਨ ਦੀ ਗੱਲ ਤੁਹਾਡੇ ਦਿਮਾਗ ਵਿਚ ਰਹੇਗੀ। ਇਸ ਦੀ ਬਜਾਏ ਜੇ ਤੁਸੀਂ ਵੱਡੀ ਪਲੇਟ ਵਿਚ ਖਾਂਦੇ ਹੋ ਤਾਂ ਤੁਹਾਡਾ ਲਾਲਚ ਵਧ ਜਾਵੇਗਾ ਅਤੇ ਤੁਸੀਂ ਪਹਿਲਾਂ ਤੋਂ ਹੀ ਉਸ ਨੂੰ ਪੂਰੀ ਭਰ ਲਵੋਗੇ। ਇੰਝ ਤੁਸੀਂ ਕਦੇ ਵੀ ਖਾਣ ਦੀ ਮਾਤਰਾ ਘਟਾ ਨਹੀਂ ਸਕੋਗੇ।

ਅਧਿਐਨ ਵਿਚ ਖੋਜੀਆਂ ਨੇ ਦੇਖਿਆ ਕਿ ਲੰਮੇ ਤੇ ਪਤਲੇ ਗਲਾਸ ਵਿਚ ਛੋਟੇ ਪਰ ਚੌੜੇ ਗਲਾਸ ਦੇ ਮੁਕਾਬਲੇ 77 ਫੀਸਦੀ ਘੱਟ ਜੂਸ ਆਇਆ। ਇਕ ਹੋਰ ਅਧਿਐਨ ਅਨੁਸਾਰ ਵੱਡੀਆਂ ਕੌਲੀਆਂ ਵਿਚ ਛੋਟੀਆਂ ਕੌਲੀਆਂ ਦੇ ਮੁਕਾਬਲੇ 57 ਫੀਸਦੀ ਜ਼ਿਆਦਾ ਆਈਸਕ੍ਰੀਮ ਆਈ। ਇਸ ਲਈ ਜਿਹੜੇ ਲੋਕ ਆਪਣਾ ਭਾਰ ਘਟਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਆਪਣੇ ਘਰ ਵਿਚ ਛੋਟੇ ਆਕਾਰ ਦੇ ਭਾਂਡਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।