arrow

ਨਜ਼ਰਅੰਦਾਜ਼ ਨਾ ਕਰੋ ਜ਼ਿੰਕ ਦੀ ਕਮੀ

ਨਵੀਂ ਦਿੱਲੀ 5 ਜੁਲਾਈ-

ਆਇਰਨ ਜਾਂ ਕੈਲਸ਼ੀਅਮ ਦੀ ਕਮੀ ਦੀ ਗੱਲ ਕਰਨ 'ਤੇ ਸਾਨੂੰ ਸਿਹਤ ਦੀ ਵਧੇਰੇ ਚਿੰਤਾ ਹੋਣ ਲੱਗਦੀ ਹੈ ਪਰ ਜਦੋਂ ਕੋਈ ਜ਼ਿੰਕ ਦੀ ਕਮੀ ਦੀ ਗੱਲ ਕਰਦਾ ਹੈ ਤਾਂ ਅਸੀਂ ਬਹੁਤਾ ਧਿਆਨ ਨਹੀਂ ਦਿੰਦੇ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਸ ਮਹੱਤਵਪੂਰਨ ਖਣਿਜ ਦੀ ਹਲਕੀ ਜਿਹੀ ਕਮੀ ਵੀ ਸਿਹਤ ਸੰਬੰਧੀ ਵੱਖ-ਵੱਖ ਸਮੱਸਿਆਵਾਂ ਪੈਦਾ ਕਰ ਸਕਦੀ ਹੈ, ਇਸ ਲਈ ਜ਼ਿੰਕ ਦਾ ਸੇਵਨ ਲੋੜੀਂਦੀ ਮਾਤਰਾ ਵਿਚ ਕਰੋ। ਜੇਕਰ ਤੁਸੀਂ ਜ਼ਿੰਕ ਦਾ ਲੋੜੀਂਦੀ ਮਾਤਰਾ 'ਚ ਸੇਵਨ ਨਹੀਂ ਕਰਦੇ ਤਾਂ ਤੁਹਾਡੀ ਸਿਹਤ 'ਚ ਬਹੁਤ ਵੱਡਾ ਫਰਕ ਪੈ ਸਕਦਾ ਹੈ।

ਤੱਥ ਇਹ ਹੈ ਕਿ ਸਾਡੇ ਸਰੀਰ ਦੇ 300 ਦੇ ਲੱਗਭਗ ਐਂਜਾਈਮਸ ਜ਼ਿੰਕ 'ਤੇ ਆਧਾਰਿਤ ਹਨ, ਜਿਸ ਦਾ ਅਰਥ ਹੈ ਕਿ ਸਾਡਾ ਸਰੀਰ ਜ਼ਿੰਕ 'ਤੇ ਬਹੁਤ ਨਿਰਭਰ ਕਰਦਾ ਹੈ। ਆਇਰਨ ਤੋਂ ਬਾਅਦ ਸਾਡੇ ਸਰੀਰ ਦੀਆਂ ਕੋਸ਼ਿਕਾਵਾਂ ਵਿਚ ਜ਼ਿੰਕ ਸਭ ਤੋਂ ਵਧੇਰੇ ਮਾਤਰਾ ਵਿਚ ਪਾਇਆ ਜਾਣ ਵਾਲਾ ਖਣਿਜ ਹੈ। ਇਹ ਸਾਡੀ ਰੋਗ-ਪ੍ਰਤੀਰੋਧਕ ਪ੍ਰਣਾਲੀ, ਪ੍ਰੋਟੀਨ ਸੰਸ਼ਲੇਸ਼ਣ, ਚਮੜੀ ਦੇ ਤੰਦਰੁਸਤੀ ਅਤੇ ਜ਼ਖਮਾਂ ਦੇ ਇਲਾਜ ਵਿਚ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸ ਦੀ ਹਲਕੀ ਜਿਹੀ ਕਮੀ ਕਾਰਨ ਪ੍ਰਤੀਰੋਧਕ ਸਮਰੱਥਾ ਵਿਚ ਕਮੀ, ਚਮੜੀ ਵਿਚ ਕਮਜ਼ੋਰੀ, ਨਜ਼ਰ ਘਟਣੀ ਅਤੇ ਹੋਰ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।

ਜੇਕਰ ਤੁਸੀਂ ਜ਼ਿੰਕ ਦਾ ਲੋੜੀਂਦੀ ਮਾਤਰਾ ਵਿਚ ਸੇਵਨ ਨਹੀਂ ਕਰਦੇ ਤਾਂ ਤੁਹਾਡੀ ਪਾਚਨ ਪ੍ਰਣਾਲੀ ਨੂੰ ਬਹੁਤ ਖਤਰਾ ਹੋ ਸਕਦਾ ਹੈ। ਸੰਨ 2005 ਵਿਚ ਅਮੇਰਿਕਨ ਜਨਰਲ ਆਫ ਕਲੀਨੀਕਲ ਨਿਊਟ੍ਰੀਸ਼ਨ ਵਿਚ ਪ੍ਰਕਾਸ਼ਿਤ ਇਕ ਅਧਿਐਨ ਅਨੁਸਾਰ ਘੱਟ ਜ਼ਿੰਕ ਵਾਲਾ ਭੋਜਨ ਖਾਣ ਨਾਲ ਦਿਲ ਦੀ ਧੜਕਨ ਵੱਧ ਜਾਂਦੀ ਹੈ ਅਤੇ ਕਸਰਤ ਦੌਰਾਨ ਸਾਹ ਲੈਣ ਵਿਚ ਮੁਸ਼ਕਿਲ ਵਰਗੀ ਸਮੱਸਿਆ ਆਉਂਦੀ ਹੈ।

ਇਸ ਦੇ ਵਿਸ਼ੇਸ਼ ਲੱਛਣਾਂ ਵਿਚ ਵਾਲਾਂ ਦਾ ਝੜਣਾ, ਭਾਰ ਸੰਬੰਧੀ ਸਮੱਸਿਆਵਾਂ, ਖੁਸ਼ਕ ਚਮੜੀ ਅਤੇ ਇਥੋਂ ਤੱਕ ਕਿ ਅਕਸਰ ਖਾਂਸੀ-ਜ਼ੁਕਾਮ ਦਾ ਹੋਣਾ ਸ਼ਾਮਲ ਹੁੰਦਾ ਹੈ। ਸਾਡੇ ਸਰੀਰ ਵਿਚ 2 ਤੋਂ 3 ਗ੍ਰਾਮ ਜ਼ਿੰਕ ਮੌਜੂਦ ਹੈ, ਜੋ ਸਾਡੇ ਦੰਦਾਂ ਅਤੇ ਹੋਰ ਅੰਗਾਂ ਵਿਚ ਪਾਇਆ ਜਾਂਦਾ ਹੈ। ਡਾ. ਮਹਿਰਾ ਕਹਿੰਦੇ ਹਨ, ''ਜ਼ਿੰਕ ਦਾ ਕੁਦਰਤੀ ਰੂਪ ਵਿਚ ਰੁਟੀਨ ਸੇਵਨ ਇਸ ਦੀ ਕਮੀ ਨੂੰ ਰੋਕਣ ਲਈ ਬਹੁਤ ਮਹੱਤਵਪੂਰਨ ਹੈ।''

 

ਜਦੋਂ ਹੋਵੇ ਜ਼ਿੰਕ ਦੀ ਕਮੀ

ਜ਼ਿੰਕ ਦੀ ਕਮੀ ਕਾਰਨ ਇਕ ਦਰਜਨ ਤੋਂ ਵਧੇਰੇ ਸਿਹਤ ਸੰਬੰਧੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਦੀ ਸਾਬਕਾ ਮੁੱਖ ਡਾਇਟੀਸ਼ੀਅਨ ਡਾ. ਰੇਖਾ ਸ਼ਰਮਾ ਕਹਿੰਦੀ ਹੈ, ''ਸਰੀਰ ਵਿਚ ਜ਼ਿੰਕ ਦੀ ਲੋੜੀਂਦੀ ਮਾਤਰਾ ਨਾ ਹੋਣ ਨਾਲ ਔਰਤਾਂ ਵਿਚ ਆਸਟੀਓਪੋਰੋਸਿਸ ਹੋ ਸਕਦਾ ਹੈ।

ਕੁਝ ਖਾਸ ਮਾਮਲਿਆਂ ਵਿਚ ਬੱਚਿਆਂ ਵਿਚ ਡਾਇਰੀਆ ਦੀ ਸਮੱਸਿਆ ਹੋ ਸਕਦੀ ਹੈ। ਇਨ੍ਹਾਂ ਸਮੱਸਿਆਵਾਂ ਕਾਰਨ ਜ਼ਿੰਕ ਭਰਪੂਰ ਸਰੋਤਾਂ ਦਾ ਸੇਵਨ ਕਰਕੇ ਬਚਿਆ ਜਾ ਸਕਦਾ ਹੈ, ਜਿਨ੍ਹਾਂ ਵਿਚ ਸੀ-ਫੂਡ, ਕੁਝ ਪੌਦਿਆਂ ਦੇ ਬੀਜ, ਮੇਵੇ ਅਤੇ ਅਜਿਹੇ ਖਾਧ ਪਦਾਰਥ ਸ਼ਾਮਲ ਹਨ। ਜ਼ਿੰਕ ਦੀ ਕਮੀ ਬੜੀ ਘਾਤਕ ਸਿੱਧ ਹੋ ਸਕਦੀ ਹੈ। ਇਹ ਸਾਡੇ ਸਰੀਰ ਵਿਚ ਕਈ ਜੈਵ ਰਸਾਇਣਿਕ ਪ੍ਰਕਿਰਿਆਵਾਂ ਲਈ ਮਹੱਤਵਪੂਰਨ ਹੈ। ਜਿਹੜੇ ਲੋਕਾਂ ਵਿਚ ਜ਼ਿੰਕ ਦੀ ਕਮੀ ਹੁੰਦੀ ਹੈ, ਉਨ੍ਹਾਂ ਵਿਚ ਭਾਵਨਾਤਮਕ ਸਮੱਸਿਆਵਾਂ, ਇਨਫੈਕਸ਼ਨਾਂ ਅਤੇ ਐਲੋਪੀਸ਼ੀਆ ਵਰਗੀਆਂ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਜ਼ਿੰਕ ਦੀ ਘੱਟ ਮਾਤਰਾ ਦਾ ਸੰਬੰਧ ਮਸੂੜਿਆਂ ਦੀ ਜਲਨ, ਦਿਲ ਦੇ ਰੋਗਾਂ ਦੇ ਵਧਦੇ ਖਤਰੇ ਅਤੇ ਐਗਜ਼ੀਮਾ ਨਾਲ ਹੀ। ਜ਼ਿੰਕ ਦੀ ਕਮੀ ਨਾਲ ਚਮੜੀ ਅਤੇ ਨਹੁੰਆਂ 'ਤੇ ਬਹੁਤ ਨਾਕਾਰਾਤਮਕ ਅਸਰ ਪੈਂਦਾ ਹੈ ਅਤੇ ਇਸ ਨਾਲ ਵਾਲਾਂ ਦਾ ਵਿਕਾਸ ਵੀ ਰੁਕਦਾ ਹੈ। ਗਰਭਵਤੀ ਔਰਤਾਂ ਵਿਚ ਇਸ ਦਾ ਖਤਰਾ ਵਧੇਰੇ ਰਹਿੰਦਾ ਹੈ। ਜ਼ਿੰਕ ਦੀ ਕਮੀ ਦੇ ਬਾਕੀ ਲੱਛਣਾਂ ਵਿਚ ਮੁਹਾਸੇ, ਫੋੜੇ, ਡਰਮੇਟਾਈਸ, ਸੋਰਾਇਸਿਸ ਅਤੇ ਨਹੁੰਆਂ 'ਤੇ ਸਫੈਦ ਧੱਬੇ ਸ਼ਾਮਲ ਹਨ। ਪੋਸ਼ਣ ਦੀ ਕਮੀ ਕਾਰਨ ਵੀ ਜ਼ਿੰਕ ਦੀ ਕਮੀ ਵਿਚ ਵਾਧਾ ਹੁੰਦਾ ਹੈ। ਅੱਜ ਦੀ ਦੌੜ-ਭੱਜ ਭਰੀ ਜੀਵਨਸ਼ੈਲੀ ਵਿਚ ਲੋਕ ਸੰਤੁਲਿਤ ਭੋਜਨ ਨੂੰ ਯਕੀਨੀ ਨਹੀਂ ਬਣਾਉਂਦੇ ਅਤੇ ਇਸ ਤਰ੍ਹਾਂ ਕਈ ਕਿਸਮ ਦੀਆਂ ਕਮੀਆਂ ਪੈਦਾ ਹੋ ਜਾਂਦੀਆਂ ਹਨ।

 

ਜ਼ਿੰਕ ਦੇ ਸਰੋਤ

ਤੁਹਾਡੇ ਲਈ ਮਹੱਤਵਪੂਰਨ ਗੱਲ ਇਹ ਹੈ ਕਿ ਤੁਹਾਨੂੰ ਜ਼ਿੰਕ ਮਿਲਦਾ ਕਿਥੋਂ ਹੈ। ਸਪਲੀਮੈਂਟਸ ਤੋਂ ਇਲਾਵਾ ਕਈ ਹੋਰ ਖਾਧ ਪਦਾਰਥ ਹਨ, ਜਿਨ੍ਹਾਂ ਵਿਚ ਜ਼ਿੰਕ ਮੌਜੂਦ ਹੁੰਦਾ ਹੈ, ਜਿਵੇਂ ਪੋਲਟ੍ਰੀ ਉਤਪਾਦ, ਹਰੀਆਂ ਪੱਤੇਦਾਰ ਸਬਜ਼ੀਆਂ ਆਦਿ। ਸ਼ਰਾਬ ਅਤੇ ਕੌਫੀ ਕਿਉਂਕਿ ਮੂਤਰ ਵਧਾਊ ਹੁੰਦੇ ਹਨ, ਜਿਸ ਕਾਰਨ ਤੁਹਾਡੇ ਸਰੀਰ 'ਚੋਂ ਜ਼ਿੰਕ ਦੀ ਵਧੇਰੇ ਮਾਤਰਾ ਬਾਹਰ ਨਿਕਲ ਜਾਂਦੀ ਹੈ।

ਮਹੱਤਵਪੂਰਨ ਇਹ ਵੀ ਹੈ ਕਿ ਜ਼ਿੰਕ ਦਾ ਸੇਵਨ ਡਾਕਟਰ ਵਲੋਂ ਸੁਝਾਈ ਗਈ ਮਾਤਰਾ ਅਨੁਸਾਰ ਹੀ ਕੀਤਾ ਜਾਏ ਕਿਉਂਕਿ ਇਸ ਦੀ ਵਧੇਰੇ ਵਰਤੋਂ ਤੁਹਾਡੇ ਲਈ ਟਾਕਸਿਕ ਹੋ ਸਕਦੀ ਹੈ। ਇਸ ਕਾਰਨ ਉਬਾਸੀ ਆਉਣਾ, ਸਿਰਦਰਦ, ਉਲਟੀ ਆਉਣਾ ਅਤੇ ਪੇਟ ਦਾ ਦਰਦ ਪੈਦਾ ਹੋ ਸਕਦਾ ਹੈ। ਰੁਟੀਨ ਵਿਚ ਜ਼ਿੰਕ ਦੇ ਵਧੇਰੇ ਸੇਵਨ ਘਾਤਕ ਹੋ ਸਕਦਾ ਹੈ। ਇਸ ਕਾਰਨ ਤੁਹਾਡੇ ਕੁਝ ਅੰਗ ਕੰਮ ਕਰਨਾ ਬੰਦ ਕਰ ਸਕਦੇ ਹਨ।

 

ਜ਼ਿੰਕ ਦੀ ਕਮੀ ਦੇ ਸੰਕੇਤ

* ਭੁੱਖ ਦੀ ਕਮੀ ਅਤੇ ਭਾਰ ਘਟਣਾ

* ਡਾਇਰੀਆ

* ਜ਼ਖਮਾਂ ਦੇ ਇਲਾਜ ਦੀਆਂ ਸਮੱਸਿਆਵਾਂ

* ਪ੍ਰਜਨਣ ਸੰਬੰਧੀ ਸਮੱਸਿਆਵਾਂ

* ਵਾਲਾਂ ਦਾ ਝੜਣਾ

* ਬੱਚਿਆਂ ਦੇ ਵਿਕਾਸ ਦੀ ਰੁਕੀ ਹੋਈ ਰਫ਼ਤਾਰ

* ਐਨੋਰੇਕਸੀਆ

* ਸੁੰਘਣ ਜਾਂ ਸਵਾਦ ਲੈਣ ਦੀ ਸਮਰੱਥਾ ਵਿਚ ਕਮੀ

ਕਿਨ੍ਹਾਂ ਨੂੰ ਹੈ ਵਧੇਰੇ ਖਤਰਾ

* ਗਰਭਵਤੀ ਅਤੇ ਬੱਚਿਆਂ ਨੂੰ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਨੂੰ।

* ਗੈਸਟ੍ਰੋਇੰਟੇਸਟਾਈਨਲ ਸਮੱਸਿਆ ਤੋਂ ਪੀੜਤ ਲੋਕਾਂ ਨੂੰ।

* ਸ਼ਰਾਬਨੋਸ਼ੀ ਕਰਨ ਵਾਲਿਆਂ ਨੂੰ।

* ਨੰਨ੍ਹੇ ਬੱਚਿਆਂ ਨੂੰ।

* ਸ਼ਾਕਾਹਾਰੀਆਂ ਨੂੰ ਕਿਉਂਕਿ ਜ਼ਿੰਕ ਦੀ ਵਧੇਰੇ ਮਾਤਰਾ ਸਰੀਰ ਨੂੰ ਮਾਸਾਹਾਰੀ ਚੀਜ਼ਾਂ ਤੋਂ ਹੀ ਮਿਲਦੀ ਹੈ।

 

ਕਿਉਂ ਹੈ ਇਹ ਮਹੱਤਵਪੂਰਨ

ਗਰਭ ਅਵਸਥਾ ਦੌਰਾਨ ਜ਼ਿੰਕ ਬੱਚੇ ਦੇ ਸਾਧਾਰਨ ਵਿਕਾਸ ਵਿਚ ਮਦਦ ਕਰਦਾ ਹੈ। ਜ਼ਿੰਕ ਦੀ ਕਮੀ ਨਾਲ ਬਲੱਡ ਸ਼ੂਗਰ ਦੇ ਪੱਧਰ ਵਿਚ ਰੁਕਾਵਟ ਪੈਦਾ ਹੋ ਸਕਦੀ ਹੈ, ਪਾਚਨ ਪ੍ਰਣਾਲੀ ਦੀ ਦਰ ਹੌਲੀ ਹੋ ਸਕਦੀ ਹੈ, ਇਸ ਕਾਰਨ ਸੁੰਘਣ ਅਤੇ ਸਵਾਦ ਲੈਣ ਦੀ ਸ਼ਕਤੀ ਵਿਗੜ ਸਕਦੀ ਹੈ, ਡੀ.ਐੱਨ. ਏ. ਸੰਸ਼ਲੇਸ਼ਣ  ਅਤੇ ਰੋਗ-ਪ੍ਰਤੀਰੋਧਕ ਸਮਰੱਥਾ 'ਤੇ ਅਸਰ ਪੈ ਸਕਦਾ ਹੈ। ਅਸਲ ਵਿਚ ਜ਼ਿੰਕ ਦੀ ਕਮੀ ਕਾਰਨ ਇਨਫੈਕਸ਼ਨ ਦਾ ਖਤਰਾ ਰਹਿੰਦਾ ਹੈ। ਜ਼ਖਮਾਂ ਦੇ ਇਲਾਜ ਲਈ ਵੀ ਜ਼ਿੰਕ ਦੀ ਮਾਤਰਾ ਦਾ ਧਿਆਨ ਰੱਖਣਾ ਜ਼ਰੂਰੀ ਹੈ। ਜ਼ਿੰਕ ਦੀ ਕਮੀ ਕਾਰਨ ਨਜ਼ਰ ਸੰਬੰਧੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਦੀ ਗੰਭੀਰ ਕਮੀ ਕਾਰਨ ਰਾਤ ਨੂੰ ਅੰਧਰਾਤੇ (ਨਾਈਟ ਬਲਾਈਂਡਨੈੱਸ) ਵੀ ਹੋ ਸਕਦੀ ਹੈ।

 

ਜਾਂਚ ਅਤੇ ਇਲਾਜ

ਜ਼ਿੰਕ ਦੀ ਕਮੀ ਦੇ ਇਲਾਜ ਵਿਚ ਸਭ ਤੋਂ ਵੱਡੀ ਚੁਣੌਤੀ ਹੈ ਇਸ ਦੇ ਹਲਕੇ ਰੂਪਾਂ ਦੀ ਜਾਂਚ। ਹਾਲਾਂਕਿ ਜ਼ਿੰਕ ਦੀ ਕਮੀ ਦੇ ਗੰਭੀਰ ਰੂਪ ਦੀ ਜਾਂਚ ਹੋ ਸਕਦੀ ਹੈ ਪਰ ਹਲਕੇ ਰੂਪ ਨੂੰ ਕਈ ਵਾਰ ਜਾਂਚਿਆ ਨਹੀਂ ਜਾ ਸਕਦਾ। ਖੁਸ਼ਕ ਚਮੜੀ, ਅੱਖਾਂ ਸੰਬੰਧੀ ਸਮੱਸਿਆਵਾਂ, ਖਾਰਸ਼, ਡਿਪ੍ਰੈਸ਼ਨ, ਸੁੰਘਣ ਅਤੇ ਸਵਾਦ ਲੈਣ ਦੀ ਸ਼ਕਤੀ ਦੀ ਕਮੀ ਜ਼ਿੰਕ ਦੀ ਕਮੀ ਦੇ ਸੰਕੇਤ ਹਨ।

ਬੱਚਿਆਂ ਵਿਚ ਇਸ ਦੇ ਲੱਛਣ ਹਨ ਡਾਇਰੀਆ, ਘਟੀਆ ਵਿਕਾਸ, ਸਫੈਦ ਨਹੁੰ ਅਤੇ ਹਾਈਪੋਪਿਗਮੈਂਟਿਡ ਚਮੜੀ। ਮਰਦਾਂ ਲਈ 16 ਮਿ. ਗ੍ਰਾ. ਰੋਜ਼ਾਨਾ, ਔਰਤਾਂ ਲਈ 15 ਮਿ. ਗ੍ਰਾਮ. ਰੋਜ਼ਾਨਾ ਅਤੇ ਬੱਚਿਆਂ ਲਈ 10 ਮਿ. ਗ੍ਰਾਮ. ਰੋਜ਼ਾਨਾ ਜ਼ਿੰਕ ਦੇ ਸੇਵਨ ਦਾ ਸੁਝਾਅ ਦਿੱਤਾ ਜਾਂਦਾ ਹੈ। ਜਿਹੜੇ ਲੋਕਾਂ ਵਿਚ ਜ਼ਿੰਕ ਦੀ ਕਮੀ ਹੈ, ਉਨ੍ਹਾਂ ਨੂੰ ਰੁਟੀਨ ਵਿਚ ਸਪਲੀਮੈਂਟ ਲੈਣਾ ਚਾਹੀਦੈ ਕਿਉਂਕਿ ਭੋਜਨ ਰਾਹੀਂ ਸਿਰਫ 20 ਤੋਂ 40 ਫੀਸਦੀ ਜ਼ਿੰਕ ਹੀ ਲਿਆ ਜਾ ਸਕਦਾ ਹੈ। ਜ਼ਿੰਕ ਡੀ. ਐੱਨ. ਏ. ਸੰਸ਼ਲੇਸ਼ਣ, ਬਲੱਡ ਸ਼ੂਗਰ ਕੰਟਰੋਲ ਅਤੇ ਪ੍ਰਜਨਣ ਵਿਕਾਸ ਲਈ ਬਹੁਤ ਮਹੱਤਵਪੂਰਨ ਹੈ।