arrow

ਫਰਾਂਸ ਦਾ ਸੁਪਨਾ ਤੋੜ ਜਰਮਨੀ ਸੈਮੀਫਾਈਨਲ 'ਚ

ਰੀਓ ਡੀ ਜਨੇਰੀਓ 5 ਜੁਲਾਈ-

ਡਿਫੈਂਡਰ ਮੈਟ੍ਰਸ ਹਮੇਲਸ ਦੇ ਸ਼ਕਤੀਸ਼ਾਲੀ ਹੈਡਰ ਨਾਲ ਕੀਤੇ ਬਿਹਤਰੀਨ ਗੋਲ ਦੀ ਬਦੌਲਤ ਜਰਮਨੀ ਨੇ ਫਰਾਂਸ ਨੂੰ ਵਿਸ਼ਵ ਕੱਪ ਫੁੱਟਬਾਲ ਟੁਰਨਾਮੈਂਟ ਦੇ ਪਹਿਲੇ ਕੁਆਟਰ ਫਾਈਨਲ ਵਿਚ ਸ਼ੁਕਰਵਾਰ ਨੂੰ 1-0 ਨਾਲ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ।

ਜਰਮਨੀ ਇਸ ਜਿੱਤ ਨਾਲ ਰਿਕਾਰਡ ਲਗਾਤਾਰ ਚੌਥੀ ਵਾਰ ਅਤੇ ਓਵਰਆਲ 13ਵੀਂ ਵਾਰ ਸੈਮੀਫਾਈਨਲ ਵਿਚ ਪਹੁੰਚਿਆ ਹੈ। ਜਰਮਨੀ ਦਾ ਸੈਮੀਫਾਈਨਲ ਵਿਚ ਮੇਜ਼ਬਾਨ ਬ੍ਰਾਜ਼ੀਲ ਅਤੇ ਕੋਲੰਬੀਆ ਦੇ ਵਿਚਕਾਰ ਕੁਆਰਟਰ ਫਾਈਨਲ ਦੇ ਜੇਤੂ ਨਾਲ ਮੁਕਾਬਲਾ ਹੋਵੇਗਾ। ਮੈਚ ਦਾ ਇਕੋ-ਇਕ ਮਹੱਤਵਪੂਰਨ ਗੋਲ ਸੈਂਟਰ ਬੈਕ ਹਮੇਲਸ ਨੇ ਕੀਤਾ।  ਹਮੇਲਸ ਨੇ 13ਵੇਂ ਮਿੰਟ ਵਿਚ ਟੋਨੀ ਕੁਸ ਦੀ ਫ੍ਰੀ ਕਿੱਕ ਨੂੰ ਹਵਾ ਵਿਚ ਉਛਾਲਦੇ ਹੋਏ ਜਿਹੜਾ ਬਿਹਤਰੀਨ ਹੈਡਰ ਲਗਾਇਆ ਉਹ ਗੋਲ ਦੇ ਖੱਬੇ ਹਿੱਸੇ ਵਿਚ ਚਲਾ ਗਿਆ।

ਤਿੰਨ ਵਾਰ ਦੇ ਚੈਂਪੀਅਨ ਜਰਮਨੀ ਨੇ ਰੀਓ ਡੀ ਜਨੇਰੀਓ ਦੇ ਮਾਰਾਕਾਨਾ ਸਟੇਡੀਅਮ 'ਚ ਸਾਲ 1998 ਦੇ ਚੈਂਪੀਅਨ ਫਰਾਂਸ ਦੇ ਖਿਲਾਫ ਹਰ ਲਿਹਾਜ਼ ਨਾਲ ਬਿਹਤਰੀਨ ਪ੍ਰਦਰਸ਼ਨ ਕੀਤਾ। ਜਰਮਨੀ ਨੇ ਹਾਲਾਂਕਿ ਕੁਝ ਸ਼ਾਨਦਾਰ ਮੌਕੇ ਗਵਾਏ, ਨਹੀਂ ਤਾਂ ਉਸਦੀ ਜਿੱਤ ਦਾ ਫਰਕ ਕੁਝ ਵੱਧ ਹੋ ਸਕਦਾ ਸੀ। ਫਰਾਂਸ ਦੇ ਗੋਲਕੀਪਰ ਹਿਊਜੋ ਲੋਰਿਸ ਨੇ ਮੈਚ ਵਿਚ ਚੰਗੇ ਬਚਾਅ ਕੀਤੇ ਪਰ 13ਵੇਂ ਮਿੰਟ ਵਿਚ ਹਮੇਲਸ ਦਾ ਹੈਡਰ ਅੰਤ ਵਿਚ ਫਰਾਂਸ ਦੀਆਂ ਉਮੀਦਾਂ 'ਤੇ ਭਾਰੀ ਪੈ ਗਿਆ ਅਤੇ ਫਰਾਂਸ ਦਾ ਵਿਸ਼ਵ ਕੱਪ ਵਿਚ ਸਫਰ ਖਤਮ ਹੋ ਗਿਆ। ਫਰਾਂਸ ਕੋਲ ਪਹਿਲੇ ਹਾਫ ਤੋਂ 10 ਮਿੰਟ ਪਹਿਲਾਂ ਬਰਾਬਰੀ ਹਾਸਲ  ਕਰਨ ਦਾ ਬਿਹਤਰੀਨ ਮੌਕਾ ਸੀ ਪਰ ਜਰਮਨੀ ਦੇ ਗੋਲਕੀਪਰ ਮੈਨਿਊਲ ਨਿਊਰ ਨੇ ਮੈਥਿਊ ਵਾਲਬਿਊਨਾ ਦੀ ਸ਼ਾਨਦਾਰ ਕੋਸ਼ਿਸ਼ 'ਤੇ ਜ਼ਬਰਦਸਤ ਬਚਾਅ ਕੀਤਾ।