arrow

ਮੁੱਖ ਮੰਤਰੀ ਵੱਲੋਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਦੀ ਨਿਗਰਾਨੀ ਲਈ ਪੰਜ ਮੈਂਬਰੀ ਕਮੇਟੀ ਕਾਇਮ

ਚੰਡੀਗੜ੍ਹ 4 ਜੁਲਾਈ-

ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀਆਂ ਹਦਾਇਤਾਂ 'ਤੇ ਸੂਬਾ ਸਰਕਾਰ ਨੇ ਅੱਜ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਦੀ ਨਿਗਰਾਨੀ ਲਈ ਸਕੱਤਰ ਯੋਜਨਾ ਦੀ ਪ੍ਰਧਾਨਗੀ ਹੇਠ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ।

ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਕਮੇਟੀ ਵਿੱਚ ਸ਼ਾਮਲ ਬਾਕੀ ਮੈਂਬਰਾਂ ਵਿੱਚ ਡਾਇਰੈਕਟਰ ਖੁਰਾਕ ਤੇ ਸਿਵਲ ਸਪਲਾਈਜ਼, ਡਾਇਰੈਕਟਰ ਬਾਗਬਾਨੀ ਅਤੇ ਜਨਰਲ ਮੈਨੇਜਰ ਮਾਰਕੀਟਿੰਗ ਪੰਜਾਬ ਮੰਡੀ ਬੋਰਡ ਸ਼ਾਮਲ ਹਨ ਜਦਕਿ ਆਰਥਿਕ ਸਲਾਹਕਾਰ ਇਸ ਦੇ ਮੈਂਬਰ ਸਕੱਤਰ ਹੋਣਗੇ।

ਇਹ ਕਮੇਟੀ ਕਾਇਮ ਕਰਨ ਦਾ ਫੈਸਲਾ 2 ਜੁਲਾਈ, 2014 ਨੂੰ ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਲਿਆ ਗਿਆ। ਮੁੱਖ ਮੰਤਰੀ ਨੇ ਅੱਜ ਦੁਪਹਿਰ ਇਸ ਕਮੇਟੀ ਲਈ ਫੌਰੀ ਤੌਰ 'ਤੇ ਨੋਟੀਫਿਕੇਸ਼ਨ ਜਾਰੀ ਕਰਨ ਦੀ ਵੀ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਨਾਲ ਕੀਮਤਾਂ ਨੂੰ ਸਥਿਰ ਰੱਖਣਾ ਯਕੀਨੀ ਬਣਾਇਆ ਜਾ ਸਕੇਗਾ।

ਕਮੇਟੀ ਵੱਲੋਂ ਸੂਬੇ ਵਿੱਚ ਰੋਜ਼ਾਨਾ ਆਧਾਰ 'ਤੇ ਕੀਮਤਾਂ ਬਾਰੇ ਨਿਗਰਾਨੀ ਕੀਤੀ ਜਾਇਆ ਕਰੇਗੀ। ਇਸ ਤੋਂ ਇਲਾਵਾ ਕਮੇਟੀ ਜ਼ਰੂਰੀ ਵਸਤਾਂ ਬਾਰੇ ਐਕਟ ਤਹਿਤ ਵੱਖ-ਵੱਖ ਅਥਾਰਟੀਆਂ ਵੱਲੋਂ ਕੀਤੀ ਕਾਰਵਾਈ ਦੀ ਨਿਗਰਾਨੀ ਕਰੇਗੀ। ਇਹ ਕਮੇਟੀ ਸੂਬੇ ਵਿੱਚ ਹੋਰ ਜ਼ਰੂਰੀ ਵਸਤਾਂ ਜਿਵੇਂ ਕਿ ਸਬਜ਼ੀਆਂ, ਦਾਲਾਂ, ਖਾਣਯੋਗ ਤੇਲ, ਦੁੱਧ ਆਦਿ ਦੇ ਸਟਾਕ ਤੇ ਸਪਲਾਈ ਦੀ ਸਥਿਤੀ ਬਾਰੇ ਨਿਗਰਾਨੀ ਕਰੇਗੀ। ਇਸ ਤੋਂ ਇਲਾਵਾ ਇਹ ਕਮੇਟੀ ਜਨਤਕ ਵੰਡ ਪ੍ਰਣਾਲੀ ਤਹਿਤ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਯਕੀਨੀ ਬਣਾਏਗੀ।