arrow

ਕੇਂਦਰ ਵੱਲੋਂ ਥਰਮਲ ਪਲਾਂਟਾਂ ਲਈ ਕੋਲ ਲਿੰਕੇਜ ਵਧਾਉਣ ਵਾਸਤੇ ਮੰਗ ਪ੍ਰਵਾਨ

ਚੰਡੀਗੜ੍ਹ 4 ਜੁਲਾਈ-

ਭਾਰਤ ਸਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਤਲਵੰਡੀ ਸਾਬੋ ਅਤੇ ਰਾਜਪੁਰਾ ਥਰਮਲ ਪਾਵਰ ਪਲਾਂਟਾਂ ਨੂੰ ਕੋਲ ਲਿੰਕੇਜ ਵਿੱਚ ਵਾਧਾ ਕਰਨ ਦੀ ਮੰਗ ਨੂੰ ਪ੍ਰਵਾਨ ਕਰ ਲਿਆ ਹੈ। ਇਨ੍ਹਾਂ ਦੋਵਾਂ ਪਾਵਰ ਪਲਾਂਟਾਂ ਦੀ ਸਮਰਥਾ ਕ੍ਰਮਵਾਰ 1980 ਮੈਗਾਵਾਟ ਅਤੇ 1400 ਮੈਗਾਵਾਟ ਹੈ। ਕੇਂਦਰੀ ਕੋਲ ਮੰਤਰਾਲੇ ਕੋਲ ਇਹ ਮੰਗ ਅਪ੍ਰੈਲ 2011 ਤੋਂ ਲੰਬਿਤ ਪਈ ਸੀ।

ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਕੇਂਦਰੀ ਬਿਜਲੀ ਅਤੇ ਕੋਲ ਮੰਤਰੀ ਸ਼੍ਰੀ ਪਿਯੂਸ਼ ਗੋਇਲ ਨੇ ਮੁੱਖ ਮੰਤਰੀ ਦੀ ਕੋਲ ਲਿੰਕ ਵਿੱਚ ਵਾਧਾ ਕਰਨ ਦੀ ਮੰਗ ਨੂੰ ਸਹਿਮਤੀ ਦੇ ਦਿੱਤੀ ਹੈ। ਮੁੱਖ ਮੰਤਰੀ ਨੇ ਕੁਝ ਦਿਨ ਪਹਿਲਾਂ ਕੋਲ ਮੰਤਰਾਲੇ ਦੇ ਉਚ ਅਧਿਕਾਰੀਆਂ ਕੋਲ ਇਹ ਮਾਮਲਾ ਉਠਾਇਆ ਸੀ। ਕੇਂਦਰੀ ਮੰਤਰੀ ਨੇ ਇੱਕ ਹੋਰ ਮਹੱਤਵਪੂਰਨ ਫੈਸਲੇ ਦੌਰਾਨ ਗੋਇੰਦਵਾਲ ਥਰਮਲ ਪਾਵਰ ਪਲਾਂਟ ਲਈ ਪ੍ਰਤੀ ਮਹੀਨਾ ਦੋ ਲੱਖ ਟਨ ਕੋਲੇ ਦੀ ਸਹਿਮਤੀ ਦੇ ਦਿੱਤੀ ਹੈ।

ਇਸ ਦੇ ਨਾਲ ਰਾਜ ਸਰਕਾਰ ਨੂੰ 540 ਮੈਗਾਵਾਟ ਸਮਰਥਾ ਵਾਲੇ ਇਸ ਪਾਵਰ ਪਲਾਂਟ ਦੀ ਪੂਰੀ ਤਰ੍ਹਾਂ ਵਰਤੋਂ ਕਰਨ ਵਿੱਚ ਮਦਦ ਮਿਲੇਗੀ ਜੋ ਕਿ ਕੋਲੇ ਦੀ ਅਣਹੋਂਦ ਕਾਰਨ ਬੰਦ ਪਿਆ ਸੀ। ਇਸੇ ਤਰ੍ਹਾਂ ਹੀ ਮੁੱਖ ਮੰਤਰੀ ਦੇ ਜ਼ੋਰ ਦੇਣ 'ਤੇ ਸ਼੍ਰੀ ਗੋਇਲ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਥਰਮਲ ਪਲਾਂਟਾਂ ਨੂੰ ਵੀ ਕੋਲੇ ਦੀ ਸਪਲਾਈ ਲਈ ਸਹਿਮਤੀ ਪ੍ਰਗਟਾਈ ਹੈ ਜਿਸ ਦੇ ਹੇਠ ਸੜਕ ਰਾਹੀਂ ਸਪਲਾਈ ਕੀਤਾ ਜਾਣ ਵਾਲਾ ਇੱਕ ਮਿਲੀਅਨ ਟਨ ਕੋਲਾ ਰੇਲ ਰਾਹੀਂ ਜੁਲਾਈ ਤੋਂ ਸਤੰਬਰ, 2014 ਦੇ ਝੋਨੇ ਦੇ ਸੀਜ਼ਨ ਦੌਰਾਨ ਮੁਹੱਈਆ ਕਰਵਾਇਆ ਜਾਵੇਗਾ। ਇਹ ਕੋਲਾ ਪ੍ਰਤੀ ਦਿਨ ਤਿੰਨ ਰੈਕ ਬਣਦਾ ਹੈ।

ਮੁੱਖ ਮੰਤਰੀ ਵਲੋਂ ਸ਼੍ਰੀ ਗੋਇਲ ਨੂੰ ਲਿਖੇ ਗਏ ਪੱਤਰ ਵਿੱਚ ਰੀਸਟਰਕਚਰਡ ਐਕਸੈਲਰੇਟਡ ਪਾਵਰ ਡਿਵੈਲਪਮੈਂਟ ਐਂਡ ਰਿਫਾਰਮਰਜ਼ ਪ੍ਰੋਗਰਾਮ ਏ ਨੂੰ ਲਾਗੂ ਕਰਨ ਸਬੰਧੀ ਆਖਰੀ ਤਾਰੀਖ ਵਿੱਚ ਵਾਧਾ ਕਰਨ ਦੀ ਵੀ ਮੰਗ ਕੀਤੀ ਹੈ। ਇਸੇ ਤਰ੍ਹਾਂ ਹੀ ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਰਾਸ਼ਟਰੀ ਹਿੱਤਾਂ ਦੇ ਮੱਦੇਨਜ਼ਰ ਇੱਕ ਅਜਿਹੀ ਨੀਤੀ ਬਣਾਈ ਜਾਵੇ ਜਿਸ ਅਨੁਸਾਰ ਪੰਜਾਬ ਵਰਗੇ ਰਾਜਾਂ ਨੂੰ ਕੋਲੇ ਦੀ ਟ੍ਰਾਂਸਪੋਰਟੇਸ਼ਨ ਦੀ ਲਾਗਤ ਨੂੰ ਘੱਟ ਕੀਤਾ ਜਾਵੇ ਕਿਉਂਕਿ ਇਹ ਰਾਜ ਕੋਲਾ ਨਿਕਲਣ ਵਾਲੇ ਸਥਾਨ ਤੋਂ ਕਾਫ਼ੀ ਦੂਰ ਹੈ। ਉਨ੍ਹਾਂ ਨੇ ਪੰਜਾਬ ਵਰਗੇ ਕੋਲੇ ਤੋਂ ਸੱਖਣੇ ਰਾਜਾਂ ਦੇ ਪਾਵਰ ਪਲਾਂਟਾਂ ਲਈ 100 ਫ਼ੀਸਦੀ ਘਰੇਲੂ ਕੋਲ ਲਿੰਕੇਜ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।