arrow

ਬਾਦਲ ਵੱਲੋਂ ਕੇਂਦਰੀ ਬਜਟ ਵਿੱਚ ਪੇਂਡੂ ਜਲ ਸਪਲਾਈ ਲਈ ਵਾਧੂ ਫੰਡ ਮੰਗ

ਚੰਡੀਗੜ੍ਹ 4 ਜੁਲਾਈ:-

ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਕੇਂਦਰੀ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਸ੍ਰੀ ਨਿਤਿਨ ਜੈਰਾਮ ਗਡਕਰੀ ਨੂੰ ਅਪੀਲ ਕੀਤੀ ਕਿ ਪੇਸ਼ ਕੀਤੇ ਜਾਣ ਵਾਲੇ ਕੇਂਦਰੀ ਬਜਟ ਵਿੱਚ ਪੇਂਡੂ ਜਲ ਸਪਲਾਈ ਤੇ ਸੈਨੀਟੇਸ਼ਨ ਸਕੀਮ ਅਧੀਨ ਸੂਬੇ ਲਈ ਵਾਧੂ ਫੰਡ ਦਾ ਉਪਬੰਧ ਯਕੀਨੀ ਬਣਾਇਆ ਜਾਵੇ ਅਤੇ ਸੰਸਦ ਵੱਲੋਂ ਬਜਟ ਪਾਸ ਕਰ ਦੇਣ ਤੋਂ ਬਾਅਦ ਫੌਰੀ ਤੌਰ 'ਤੇ ਇਹ ਫੰਡ ਮੁਹੱਈਆ ਕਰਵਾਏ ਜਾਣ।

ਸ੍ਰੀ ਗਡਕਰੀ ਨੂੰ ਲਿਖੇ ਪੱਤਰ ਵਿਚ ਮੁੱਖ ਮੰਤਰੀ ਨੇ ਆਖਿਆ ਕਿ ਇਸ ਸਬੰਧ ਵਿੱਚ ਇਹ ਕਦਮ ਚੁੱਕਣਾ ਬਹੁਤ ਜ਼ਰੂਰੀ ਹੈ ਤਾਂ ਕਿ ਪੰਜਾਬ ਵਿਚ ਪੇਂਡੂ ਵਸੋਂ ਨੂੰ ਦਰਪੇਸ਼ ਮੁਸ਼ਕਲਾਂ ਦੂਰ ਕੀਤੀਆਂ ਜਾ ਸਕਣ। ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਸੂਬੇ ਵਿਚ ਪੇਂਡੂ ਇਲਾਕਿਆਂ ਵਿੱਚੋਂ ਪਾਣੀ ਦੇ ਨਮੂਨੇ ਵੱਡੀ ਗਿਣਤੀ ਵਿੱਚ ਫੇਲ ਹੋ ਚੁੱਕੇ ਹਨ ਜਿਸ ਕਰਕੇ ਇਨ੍ਹਾਂ ਇਲਕਿਆਂ ਵਿਚ ਪਹਿਲ ਦੇ ਆਧਾਰ 'ਤੇ ਜਲ ਸ਼ੁੱਧੀਕਰਨ ਦਾ ਸਿਸਟਮ ਸਥਾਪਤ ਕੀਤਾ ਜਾਣਾ ਸਮੇਂ ਦੀ ਲੋੜ ਬਣ ਚੁੱਕਾ ਹੈ।ਸ. ਬਾਦਲ ਨੇ ਆਖਿਆ ਕਿ ਸੂਬੇ ਦਾ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪਹਿਲਾਂ ਹੀ ਰਾਜ ਭਰ ਵਿਚ 730 ਪਿੰਡਾਂ ਵਿੱਚ ਆਰ.ਓ. ਸਿਸਟਮ ਸਥਾਪਤ ਕਰਨ ਲਈ101.33ਕਰੋੜ ਰੁਪਏ ਦੀ ਤਜਵੀਜ਼ ਸੌਂਪ ਚੁੱਕਾ ਹੈ ।

ਇਸੇ ਦੌਰਾਨ ਮੁੱਖ ਮੰਤਰੀ ਨੇ ਆਖਿਆ ਕਿ ਉਪਰੋਕਤ ਤੋਂ ਇਲਾਵਾ ਵਿਭਾਗ ਨੂੰ ਬਾਕੀ ਦੇ 2094 ਪਿੰਡਾਂ ਵਿਚ ਆਰ.ਓ. ਸਿਸਟਮ ਸਥਾਪਤ ਕਰਨ ਲਈ ਵਾਧੂ ਫੰਡਾਂ ਦੀ ਲੋੜ ਹੈ ਕਿਉਂ ਜੋ ਇਨ੍ਹਾਂ ਥਾਵਾਂ 'ਤੇ ਪਾਣੀ ਯੂਰੇਨਿਅਮ ਅਤੇ ਹੋਰ ਭਾਰੀ ਧਾਤਾਂ ਨਾਲ ਦੂਸ਼ਿਤ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਨਵੀਂ ਦਿੱਲੀ ਵਿੱਚ ਹਾਲ ਹੀ 'ਚ ਕੇਂਦਰੀ ਮੰਤਰੀ ਨਾਲ ਹੋਈ ਮੀਟਿੰਗ ਦਾ ਹਵਾਲਾ ਦਿੰਦਿਆਂ ਸ. ਬਾਦਲ ਨੇ ਸੂਬਾ ਸਰਕਾਰ ਦੀ ਅਪੀਲ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਲਈ ਆਪਣੇ ਮੰਤਰਾਲੇ ਦੇ ਸਬੰਧਤ ਅਫਸਰਾਂ ਨੂੰ ਹਦਾਇਤ ਕਰਨ ਲਈ ਦਿਖਾਈ ਪਹਿਲਕਦਮੀ ਦੀ ਸ਼ਲਾਘਾ ਕੀਤੀ ਹੈ।

ਉਨ੍ਹਾਂ ਨੇ ਸ੍ਰੀ ਗਡਕਰੀ ਨੂੰ ਅਪੀਲ ਕੀਤੀ ਕਿ ਇਨ੍ਹਾਂ ਪਿੰਡਾਂ ਲਈ 300 ਕਰੋੜ ਰੁਪਏ ਦੇ ਲੋੜੀਂਦੇ ਫੰਡ ਮੁਹੱਈਆ ਕਰਵਾਏ ਜਾਣ। ਉਨ੍ਹਾਂ ਆਖਿਆ , ''ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਕਿਉਂਕਿ ਪੇਂਡੂ ਵਸੋ ਨੂੰ ਪੀਣ ਵਾਲਾ ਸਾਫ ਪਾਣੀ ਪ੍ਰਦਾਨ ਕਰਨ ਸਮੇਤ ਪੰਜਾਬ ਦੇ ਬਕਾਏ ਮਾਮਲੇ ਛੇਤੀ ਹੱਲ ਕਰਨ ਲਈ ਤੁਹਾਡਾ ਰਵੱਈਆ ਬਹੁਤ ਸਾਕਾਰਤਮਕ ਸੀ।''