arrow

ਬਾਦਲ ਵੱਲੋਂ ਨਸ਼ਿਆਂ ਤੋਂ ਨਿਜਾਤ ਪਾਉਣ ਲਈ ਕਿਰਨ ਬੇਦੀ ਨੂੰ ਸੱਦਾ

ਚੰਡੀਗੜ੍ਹ 4 ਜੁਲਾਈ-

ਸਾਬਕਾ ਆਈ.ਪੀ.ਐਸ. ਅਧਿਕਾਰੀ ਅਤੇ ਸਮਾਜ ਸੇਵੀ ਸ੍ਰੀਮਤੀ ਕਿਰਨ ਬੇਦੀ ਵੱਲੋਂ ਪੰਜਾਬ ਵਿੱਚ ਨਸ਼ਿਆਂ ਦੀ ਅਲਾਮਤ ਅਤੇ ਤਸਕਰੀ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਲਿਖਿਆ ਖੁੱਲ੍ਹਾ ਪੱਤਰ ਮੀਡਿਆ ਦੇ ਇਕ ਹਿੱਸੇ ਵਿਚ ਛਪੇ ਹੋਣ ਦਾ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਸ੍ਰੀਮਤੀ ਬੇਦੀ ਨੂੰ ਸੂਬੇ ਵਿੱਚ ਪੈਰ ਪਾਸਾਰ ਚੁੱਕੀ ਨਸ਼ਿਆਂ ਦੀ ਸਮਸਿੱਆ ਦੇ ਛੇਤੀ ਹੱਲ ਲਈ ਸੱਦਾ ਦਿੱਤਾ ਹੈ।

ਸ੍ਰੀਮਤੀ ਬੇਦੀ ਨੂੰ ਲਿਖੇ ਪੱਤਰ ਵਿਚ ਮੁੱਖ ਮੰਤਰੀ ਨੇ ਉਨ੍ਹਾਂ ਵੱਲੋਂ ਪੰਜਾਬ ਪ੍ਰਤੀ ਪ੍ਰਗਟਾਈ ਫਿਕਰਮੰਦੀ ਅਤੇ ਇਸ ਗੰਭੀਰ ਸਮੱਸਿਆ ਦਾ ਹੱਲ ਲੱਭਣ ਲਈ ਦਿਖਾਈ ਗਈ ਇੱਛਾ ਸ਼ਕਤੀ ਦੀ ਭਰਵੀਂ ਸ਼ਲਾਘਾ ਕੀਤੀ। ਸ. ਬਾਦਲ ਨੇ ਅਖਿਆ ਕਿ ਉਨ੍ਹਾਂ ਨੂੰ ਦ੍ਰਿੜ ਵਿਸ਼ਵਾਸ ਹੈ ਕਿ ਉਨ੍ਹਾਂ ਦੇ ਸਹਿਯੋਗ ਨਾਲ ਸਿਹਤ ਵਿਭਾਗ, ਪੁਲਿਸ ਪ੍ਰਸ਼ਾਸਨ ਅਤੇ ਹੋਰ ਸਬੰਧਤ ਵਿਭਾਗਾਂ ਨਾਲ ਵਿਚਾਰ-ਚਰਚਾ ਰਾਹੀਂ ਨਸ਼ਿਆਂ ਦੀ ਲਾਹਨਤ ਨੂੰ ਜੜੋਂ ਪੁੱਟ ਦੇਣ ਲਈ ਇਕ ਵਿਆਪਕ ਨੀਤੀ ਤਿਆਰ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਆਖਿਆ ਕਿ ਉਨ੍ਹਾਂ ਨੂੰ ਇਹ ਵੀ ਆਸ ਹੈ ਕਿ ਤੁਹਾਡੇ (ਸ੍ਰੀਮਤੀ ਕਿਰਨ ਬੇਦੀ) ਲੰਮੇ ਤਜਰਬੇ ਦਾ ਲਾਭ ਸੂਬਾ ਸਰਕਾਰ ਵੱਲੋਂ ਮੌਜੂਦਾ ਸਮੇਂ ਚਲਾਏ ਜਾ ਰਹੇ ਨਸ਼ਾ ਛੁਡਾਊ ਉਪਰਾਲਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਸਹਾਈ ਹੋਵੇਗਾ।

ਸੂਬੇ ਨੂੰ ਨਸ਼ਿਆਂ ਦੀ ਲਾਹਨਤ ਤੋਂ ਨਿਜਾਤ ਦਿਵਾਉਣ ਲਈ ਆਪਣਾ ਅਹਿਦ ਦੁਹਰਾਉਂਦਿਆਂ ਸ. ਬਾਦਲ ਨੇ ਆਖਿਆ ਕਿ ਉਹ ਆਉਂਦੇ ਦੋ ਵਰ੍ਹਿਆਂ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਇਸ ਨੂੰ ਨਿੱਜੀ ਚੁਣੌਤੀ ਵਜੋਂ ਲੈਂਦੇ ਹਨ।