arrow

ਬਾਦਲ ਨੇ ਜੇਤਲੀ ਨੂੰ ਕੇਂਦਰੀ ਬਜਟ ਵਿੱਚ ਕਿਸਾਨਾਂ ਪੱਖੀ ਕਦਮਾਂ ਚੁੱਕਣ ਲਈ ਆਖਿਆ

ਚੰਡੀਗੜ੍ਹ, 4 ਜੁਲਾਈ:

ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਨ ਜੇਤਲੀ ਨੂੰ ਸਾਲ 2014-15 ਲਈ ਕੇਂਦਰੀ ਬਜਟ ਨੂੰ ਅੰਤਮ ਰੂਪ ਦੇਣ ਦੀ ਪ੍ਰਕਿਰਿਆ ਦੌਰਾਨ ਉੱਘੇ ਖੇਤੀ ਵਿਗਿਆਨੀ ਡਾ. ਐਮ.ਐਸ. ਸਵਾਮੀਨਾਥਨ ਦੇ ਫਾਰਮੂਲੇ ਅਨੁਸਾਰ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਨਿਰਧਾਰਤ ਕਰਨ ਦੀ ਅਪੀਲ ਕੀਤੀ ਹੈ। ਡਾ. ਸਵਾਮੀਨਾਥਨ ਨੇ ਖੇਤੀ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਨਿਰਧਾਰਤ ਕਰਦੇ ਹੋਏ ਲਾਗਤ ਤੋਂ ਇਲਾਵਾ 50 ਫ਼ੀਸਦੀ ਦੇ ਲਾਭ ਦੀ ਵਿਵਸਥਾ ਕਰਨ ਦੇ ਫਾਰਮੂਲੇ ਵਿੱਚ ਜ਼ੋਰ ਦਿੱਤਾ ਹੈ।

ਸ਼੍ਰੀ ਜੇਤਲੀ ਨੂੰ ਲਿਖੇ ਗਏ ਇਕ ਪੱਤਰ ਵਿੱਚ ਮੁੱਖ ਮੰਤਰੀ ਨੇ ਕੇਂਦਰੀ ਬਜਟ ਦੇ ਪ੍ਰਸਤਾਵਾਂ ਵਿੱਚ ਕਿਸਾਨਾਂ ਪੱਖੀ ਕਦਮ ਚੁੱਕਣ ਲਈ ਉਨ੍ਹਾਂ ਨੂੰ ਨਿੱਜੀ ਦਖਲ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਖੇਤੀ ਧੰਦੇ ਨੂੰ ਚਲਦਾ ਰੱਖਣ ਲਈ ਇਹ ਕਦਮ ਚੁੱਕਣੇ ਜ਼ਰੂਰੀ ਹਨ ਅਤੇ ਇਹ ਲਾਜ਼ਮੀ ਬਣਾਇਆ ਜਾਣਾ ਚਾਹੀਦਾ ਹੈ ਕਿ ਕੋਈ ਵੀ ਇਸ ਧੰਦੇ ਨੂੰ ਛੱਡਣ ਲਈ ਮਜ਼ਬੂਰ ਨਾ ਹੋਵੇ ਅਤੇ ਨਾ ਹੀ ਕਿਸੇ ਨੂੰ ਆਤਮ ਹੱਤਿਆ ਕਰਨੀ ਪਵੇ।

ਮੁੱਖ ਮੰਤਰੀ ਨੇ ਖੇਤੀ ਵਿਭਿੰਨਤਾ ਉਤੇ ਵੱਧ ਜ਼ੋਰ ਦੇਣ ਦੇ ਨਾਲ ਨਾਲ ਡੇਅਰੀ, ਮੱਛੀ ਪਾਲਣ ਅਤੇ ਹੋਰ ਖੇਤੀ ਸਹਾਇਕ ਧੰਦਿਆਂ ਨੂੰ ਵੀ ਵਿੱਤੀ ਸਹਾਇਤਾ ਦੇ ਲਈ ਖੇਤੀਬਾੜੀ ਵਿਭਿੰਨਤਾ ਪ੍ਰੋਗਰਾਮ ਵਿੱਚ ਸ਼ਾਮਲ ਕਰਨ 'ਤੇ ਜ਼ੋਰ ਪਾਇਆ ਹੈ। ਉਨ੍ਹਾਂ ਕਿਹਾ ਹੈ ਕਿ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਬਿਨਾ ਵਿਆਜ ਥੋੜ੍ਹੀ ਮਿਆਦ ਦਾ ਫ਼ਸਲੀ ਕਰਜ਼ਾ ਮੁਹੱਈਆ ਕਰਾਉਣਾ ਚਾਹੀਦਾ ਹੈ ਅਤੇ ਹੋਰਨਾਂ ਕਿਸਾਨਾਂ ਨੂੰ ਦੋ ਫ਼ੀਸਦੀ ਵਿਆਜ ਦੀ ਦਰ ਨਾਲ ਫ਼ਸਲੀ ਕਰਜ਼ਾ ਉਪਲਬਧ ਕਰਾਇਆ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਖੇਤੀਬਾੜੀ ਨਿਵੇਸ਼ ਕਰੈਡਿਟ ਵਿਆਜ ਦਾ 6 ਫ਼ੀਸਦੀ ਰੱਖਿਆ ਜਾਣਾ ਚਾਹੀਦਾ ਹੈ। ਕਿਸਾਨਾਂ ਉਪਰ ਕਰਜ਼ੇ ਦਾ ਬੋਝ ਹਟਾਉਣ ਅਤੇ ਆਤਮ ਹੱਤਿਆਵਾਂ ਵਰਗੀਆਂ ਸ਼ਰਮਨਾਕ ਘਟਨਾਵਾਂ ਨੂੰ ਰੋਕਣ ਲਈ ਸਾਰੇ ਕਿਸਾਨਾਂ ਵਾਸਤੇ ਇੱਕਮੁਸ਼ਤ ਕਰਜ਼ਾ ਰਾਹਤ ਪੈਕੇਜ ਦਾ ਐਲਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੀ ਖੇਤੀਬਾੜੀ ਦੇ ਵਾਂਗ, ਡੇਅਰੀ, ਮੱਛੀ ਪਾਲਣ ਅਤੇ ਹੋਰ ਸਹਾਇਕ ਧੰਦਿਆਂ ਨੂੰ ਆਮਦਨ ਕਰ ਤੋਂ ਛੋਟ ਦਿੱਤੀ ਜਾਣੀ ਚਾਹੀਦੀ ਹੈ।

ਸੂਬੇ ਦੀ ਖੇਤੀ ਆਰਥਿਕਤਾ ਦੇ ਪਿਛੋਕੜ ਵਿੱਚ ਸ. ਬਾਦਲ ਨੇ ਕੇਂਦਰੀ ਵਿੱਤ ਮੰਤਰੀ ਨੂੰ ਇਹ ਵੀ ਦੱਸਿਆ ਕਿ ਪੰਜਾਬ ਦੇਸ਼ ਵਿੱਚ ਹਰੀ ਕ੍ਰਾਂਤੀ ਦਾ ਮੋਹਰੀ ਰਿਹਾ ਹੈ। ਕਣਕ ਅਤੇ ਝੋਨੇ ਲਈ ਉਪਲਬਧ ਉਤਪਾਦਨ ਤਕਨਾਲੋਜੀ ਨੂੰ ਢੁਕਵੀਆਂ ਨੀਤੀਆਂ ਅਨੁਸਾਰ ਸਮਰਥਨ ਮਿਲਣਾ ਚਾਹੀਦਾ ਹੈ ਅਤੇ ਰਾਜ ਵਿੱਚ ਇਸ ਸਬੰਧ ਵਿੱਚ ਨਿਵੇਸ਼ ਅਤੇ ਸੰਸਥਾਈ ਬੁਨਿਆਦੀ ਢਾਂਚੇ ਨੂੰ ਵਧਾਉਣਾ ਚਾਹੀਦਾ ਹੈ। ਉਤਪਾਦਨ ਵਿੱਚ ਜੋਖ਼ਮ ਘੱਟ ਹੋਣ ਅਤੇ ਕਣਕ ਤੇ ਝੋਨੇ ਦਾ ਯਕੀਨੀ ਮੰਡੀਕਰਨ ਹੋਣ ਕਾਰਨ ਇਨ੍ਹਾਂ ਦੋਵਾਂ ਫ਼ਸਲਾਂ ਹੇਠ ਤਕਰੀਬਨ 80 ਫੀਸਦੀ ਰਕਬਾ ਹੈ ਅਤੇ ਸੂਬੇ ਵਲੋਂ ਰਾਸ਼ਟਰੀ ਅਨਾਜ ਭੰਡਾਰ ਦੀ ਸੁਰੱਖਿਆ ਲਈ ਕੇਂਦਰੀ ਪੂਲ ਵਿੱਚ 30 ਤੋਂ 40 ਫ਼ੀਸਦੀ ਅਨਾਜ ਦਾ ਯੋਗਦਾਨ ਦਿੱਤਾ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਫ਼ਸਲਾਂ ਲਈ ਉਪਲਬਧ ਤਕਨਾਲੋਜੀ ਦੀ ਉਤਪਾਦਨ ਸਮਰਥਾ ਪਹਿਲਾਂ ਹੀ ਅੰਤਮ ਬਿੰਦੂ 'ਤੇ ਪਹੁੰਚ ਗਈ ਹੈ। ਇਸੇ ਸੰਦਰਭ ਵਿੱਚ ਖੇਤੀ ਵਾਧਾ ਅਤੇ ਅਸਲ ਕਿਸਾਨੀ ਆਮਦਨ ਵੀ ਅੰਤਮ ਸਿਰੇ 'ਤੇ ਚਲੀ ਗਈ ਹੈ। ਭੌਂਅ ਅਤੇ ਪਾਣੀ ਵਰਗੇ ਉਪਲਬਧ ਕੁਦਰਤੀ ਵਸੀਲਿਆਂ ਦੀ ਹੀ ਸਿਰਫ਼ ਜ਼ਿਆਦਾ ਵਰਤੋਂ ਹੋ ਰਹੀ ਹੈ। ਕਣਕ, ਝੋਨੇ ਦੀ ਉਤਪਾਦਨੀ ਪ੍ਰਕਿਰਿਆ ਵੱਡੀ ਚੁਣੌਤੀ ਹੇਠ ਹੈ ਅਤੇ ਮੌਸਮ ਵਿੱਚ ਬਦਲਾਅ ਵੀ ਭਵਿੱਖ ਵਿੱਚ ਖੇਤੀਬਾੜੀ ਵਿਕਾਸ ਵਾਸਤੇ ਨਵੀਂ ਚੁਣੌਤੀ ਬਣਿਆ ਹੋਇਆ ਹੈ। ਇਸ ਕਰਕੇ ਪਹਿਲੇ ਖੇਤੀਬਾੜੀ ਵਿਕਾਸ ਦੇ ਬਾਅਦ ਭਵਿੱਖੀ ਵਿਕਾਸ ਵੀ ਤਕਨਾਲੋਜੀ ਦੇ ਵਿਕਾਸ 'ਤੇ ਨਿਰਭਰ ਕਰਦਾ ਹੈ। ਇਸ ਦੇ ਲਈ ਜਨਤਕ ਨੀਤੀਆਂ, ਸਬੰਧਤ ਸੰਸਥਾਈ ਬਦਲਾਵਾਂ ਅਤੇ ਨਿੱਜੀ ਖੇਤਰ ਵਿੱਚ ਨਿਵੇਸ਼ ਨੂੰ ਵਧਾਉਣ ਵਾਸਤੇ ਸੁਵਿਧਾਵਾਂ ਸਬੰਧੀ ਸਹਾਇਤਾ ਦੇਣ ਵਾਲੀਆਂ ਨੀਤੀਆਂ ਦੀ ਲੋੜ ਹੈ ਅਤੇ ਇਨ੍ਹਾਂ ਨੂੰ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ।

ਸ. ਬਾਦਲ ਨੇ ਕਿਹਾ ਕਿ ਇਹ ਕਦਮ ਨਾ ਕੇਵਲ ਖੇਤੀਬਾੜੀ 'ਤੇ ਵਧ ਰਹੇ ਦਬਾਅ ਨੂੰ ਖਤਮ ਕਰਨਗੇ ਸਗੋਂ ਇਹ ਖੇਤੀਬਾੜੀ ਖੇਤਰ ਨੂੰ ਵਿਕਾਸ ਦੇ ਵਾਧੇ ਦੀ ਪਗਡੰਡੀ ਉਤੇ ਪਾਉਣ ਲਈ ਵੀ ਮਦਦ ਕਰਨਗੇ ਅਤੇ ਦੇਸ਼ ਦੇ ਕਿਸਾਨਾਂ ਦੇ ਵਧੀਆ ਜੀਵਨ ਨੂੰ ਯਕੀਨੀ ਬਣਾਉਣਗੇ।