arrow

ਤੁਪਕਾ ਸਿੰਚਾਈ ਲਈ ਸਬਸਿਡੀ ਵਾਸਤੇ ਕੇਂਦਰੀ ਦਖਲ ਦੇਣ ਦੀ ਮੰਗ

ਚੰਡੀਗੜ੍ਹ 4 ਜੁਲਾਈ-

ਤੁਪਕਾ ਸਿੰਚਾਈ ਨੂੰ ਹੁਲਾਰਾ ਦੇ ਕੇ ਪਾਣੀ ਦੀ ਸੁਚੱਜੀ ਵਰਤੋ ਕਰਨ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਤੁਪਕਾ ਸਿੰਚਾਈ ਪ੍ਰਣਾਲੀ 'ਤੇ ਸਬਸਿਡੀ 80 ਫੀਸਦੀ ਕਰਨ ਲਈ ਕੇਂਦਰੀ ਖੇਤੀਬਾੜੀ ਮੰਤਰੀ ਸ੍ਰੀ ਰਾਧਾ ਮੋਹਣ ਸਿੰਘ ਨੂੰ ਨਿੱਜੀ ਦਖਲ ਦੇਣ ਦੀ ਮੰਗ ਕੀਤੀ ਹੈ।

ਸ੍ਰੀ ਰਾਧਾ ਮੋਹਣ ਸਿੰਘ ਨੂੰ ਲਿਖੇ ਇੱਕ ਪੱਤਰ ਵਿੱਚ ਮੁੱਖ ਮੰਤਰੀ ਨੇ ਲਿਖਿਆ ਹੈ ਕਿ ਪਾਣੀ ਦੀ ਸੰਭਾਲ ਵਿੱਚ ਤੁਪਕਾ ਸਿੰਚਾਈ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇਸ ਕਰਕੇ ਵੱਧ ਤੋਂ ਵੱਧ ਕਿਾਸਾਨਾਂ ਨੂੰ ਇਸ ਪ੍ਰਣਾਲੀ ਦੇ ਹੇਠ ਲਿਆਉਣ ਲਈ ਵੱਧ ਤੋਂ ਵੱਧ ਵਿੱਤੀ ਸਹਾਇਤਾ ਮੁਹਈਆ ਕਰਵਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰਾਜ ਖੇਤੀਬਾੜੀ ਵਿਭਾਗ ਨੇ ਇਹ ਸਬਸਿਡੀ 80 ਫੀਸਦੀ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ ਪਰ ਵਿਭਾਗ ਦਾ ਇਹ ਫੈਸਲਾ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਦੇ ਹੇਠ ਨਹੀਂ ਆਉਂਦਾ।

ਸ. ਬਾਦਲ ਨੇ ਮੰਤਰੀ ਨੂੰ ਅਪੀਲ ਕੀਤੀ ਕਿ ਉਹ 80 ਫੀਸਦੀ ਸਬਸਿਡੀ ਦੇਣ ਦਾ ਇਹ ਫੈਸਲੇ 'ਤੇ ਸਹਿਮਤੀ ਦੇਣ ਲਈ ਆਪਣੇ ਮੰਤਰਾਲੇ ਨੂੰ ਨਿਰਦੇਸ਼ ਦੇਣ ਤਾਂ ਜੋ ਪੰਜਾਬ ਦੇ ਕਿਸਾਨਾਂ ਨੂੰ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਦੇ ਹੇਠ ਇਸ ਸਕੀਮ ਤੋਂ ਹੋਰ ਫਾਇਦਾ ਹੋ ਸਕੇ। ਉਨ੍ਹਾਂ ਕਿਹਾ ਕਿ ਸਾਲ 2014-15 ਦੀ ਸਲਾਨਾ ਯੋਜਨਾ ਲਾਗੂ ਹੋਣ ਦੇ ਨੇੜੇ ਹੈ ਇਸ ਕਰਕੇ ਇਸ ਸਬੰਧ ਵਿੱਚ ਭਾਰਤ ਸਰਕਾਰ ਦੀ ਸਹੀ ਮਾਇਨਿਆਂ ਵਿੱਚ ਸਹਿਮਤੀ ਦੀ ਲੋੜ ਹੈ।

ਵਰਨਣਯੋਗ ਹੈ ਕਿ ਮੁੱਖ ਮੰਤਰੀ ਵੱਲੋਂ ਤੁਪਕਾ ਸਿੰਚਾਈ ਸਕੀਮ ਦੇ ਹੇਠ ਆਮ ਸ੍ਰੇਣੀ ਦੇ ਕਿਸਾਨਾਂ ਨੂੰ ਸਬਸਿਡੀ 50 ਫੀਸਦੀ ਤੋਂ ਵਧਾ ਕੇ 80 ਫੀਸਦੀ ਅਤੇ ਔਰਤਾਂ ਕਿਸਾਨਾਂ ਤੇ ਅਨੂਸੂਚਿਤ ਜਾਤੀ ਦੇ ਕਿਸਾਨਾਂ ਨੂੰ 90 ਫੀਸਦੀ ਕਰਨ ਨੂੰ ਪਹਿਲਾਂ ਹੀ ਸਹਿਮਤੀ ਦਿੱਤੀ ਜਾ ਚੁੱਕੀ ਹੈ। ਇਸੇ ਤਰ੍ਹਾਂ ਹੀ ਇੱਕ ਹੋਰ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਸ. ਬਾਦਲ ਨੇ ਸਬਸਿਡੀ ਦੇ ਲਈ ਇਲਾਕੇ ਦੀ ਸ਼ਰਤ ਦੇ ਸਵਾਲ ਨੂੰ ਵੀ ਖਤਮ ਕਰ ਦਿੱਤਾ ਹੈ। ਇਸ ਫੈਸਲੇ ਦੇ ਹੇਠ ਰਾਜ ਸਰਕਾਰ ਸਾਰੇ ਕਿਸਾਨਾਂ ਨੂੰ ਸਬਸਿਡੀ ਮੁਹੱਈਆ ਕਰਵਾ ਰਹੀ ਹੈ ਅਤੇ ਇਸ ਸਬੰਧ ਵਿੱਚ ਇਲਾਕੇ ਦੀ ਸ਼ਰਤ ਖਤਮ ਕਰ ਦਿੱਤੀ ਹੈ।

ਭਾਰਤ ਸਰਕਾਰ ਦੇ ਫੈਸਲ ਦੇ ਮੁਤਾਬਿਕ ਪੰਜ ਏਕੜ ਦੇ ਰਕਬੇ ਤੱਕ ਪ੍ਰਤੀ ਲਾਭ ਪਾਤਰੀ ਨੂੰ ਇਸ ਸਬੰਧ ਵਿੱਚ ਸਬਸਿਡੀ ਮੁਹਈਆ ਕਰਵਾਈ ਜਾ ਰਹੀ ਹੈ ਪਰ ਰਾਜ ਸਰਕਾਰ ਨੇ ਇਸ ਸਬੰਧ ਵਿੱਚ ਇਲਾਕੇ ਦੀ ਕੋਈ ਵੀ ਸ਼ਰਤ ਨਾ ਰੱਖਣ ਲਈ ਸੋਧ ਕਰਨ ਦਾ ਫੈਸਲਾ ਕੀਤਾ ਹੈ। ਇਸ ਸੰਦਰਭ ਵਿੱਚ ਪੰਜ ਏਕੜ ਤੋਂ ਵੱਧ ਵਾਲੀ ਜ਼ਮੀਨ ਦੇ ਸਬੰਧ ਵਿੱਚ ਵਾਧੂ ਖਰਚ ਰਾਜ ਸਰਕਾਰ ਵੱਲੋਂ ਸਹਿਣ ਕੀਤਾ ਜਾਵੇਗਾ। ਤੁਪਕਾ ਸਿੰਚਾਈ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਵਜੋਂ ਸ. ਬਾਦਲ ਨੇ ਸਰਕਾਰੀ ਫਾਰਮਾਂ ਅਤੇ ਨਰਸਰੀਆਂ ਨੂੰ 100 ਫੀਸਦੀ ਸਬਸਿਡੀ ਦੇਣ ਦੀ ਸਹਿਮਤੀ ਦਿੱਤੀ ਹੈ ਅਤੇ ਜੇ ਅਗਾਂਹਵਧੂ ਕਿਸਾਨ, ਟਰਸਟ ਅਤੇ ਸਹਿਕਾਰੀ ਸੁਸਾਇਟੀਆਂ ਇਹ ਪ੍ਰਣਾਲੀ ਸਥਾਪਿਤ ਕਰਨਗੀਆਂ ਤਾਂ ਉਨ੍ਹਾਂ ਨੂੰ 90 ਫੀਸਦੀ ਸਬਸਿਡੀ ਦਿੱਤੀ ਜਾਵੇਗੀ।