arrow

ਇਰਾਕ 'ਚੋਂ ਪੰਜਾਬੀਆਂ ਦੀ ਸੁਰੱਖਿਅਤ ਵਾਪਸੀ ਲਈ ਯਤਨ ਜਾਰੀ-ਬਾਦਲ

ਚੰਡੀਗੜ੍ਹ 4 ਜੁਲਾਈ-

ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਇਰਾਕ 'ਚ ਚੱਲ ਰਹੇ ਗ੍ਰਹਿ ਯੁੱਧ ਕਾਰਨ ਉਥੇ ਉਲਝੇ ਪੰਜਾਬੀਆਂ ਦੇ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਹਰੇਕ ਪੰਜਾਬੀ ਦੀ ਸੁਰੱਖਿਅਤ ਵਤਨ ਵਾਪਸੀ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ ਅਤੇ ਇਸ ਸਬੰਧੀ ਉਨ੍ਹਾਂ ਨੇ ਲਗਾਤਾਰ ਭਾਰਤ ਸਰਕਾਰ ਨਾਲ ਰਾਬਤਾ ਬਣਾਇਆ ਹੋਇਆ ਹੈ।

ਮੰਡੀ ਗੋਬਿੰਦਗੜ੍ਹ ਅਤੇ ਨਾਲ ਲਗਦੇ ਪਿੰਡਾਂ ਦੇ ਤਕਰੀਬਨ 16 ਪਰਿਵਾਰਾਂ ਜਿਨ੍ਹਾਂ ਦੇ ਮੈਂਬਰ ਇਰਾਕ ਵਿੱਚ ਇਕ ਮਿੱਲ ਵਿੱਚ ਫਸੇ ਹੋਏ ਹਨ, ਨੇ ਅੱਜ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਸ. ਬਾਦਲ ਨੂੰ ਮਿਲ ਕੇ ਉਨ੍ਹਾਂ ਦੇ ਪਰਿਵਾਰਕ ਜੀਆਂ ਦੀ ਸੁਰੱਖਿਅਤ ਵਾਪਸੀ ਕਰਵਾਉਣ ਦੀ ਅਪੀਲ ਕੀਤੀ।

ਪੀੜਤ ਪਰਿਵਾਰਾਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਇਰਾਕ ਵਿਖੇ ਬਗਦਾਦ ਤੋਂ 300 ਕਿਲੋਮੀਟਰ ਦੂਰ ਇਟਾਲੀਆ ਤੇ ਕਾਸਿਮ ਦਰਮਿਆਨ ਸਥਿਤ ਫੋਰ ਐਮ ਸਟੀਲ ਰੋਲਿੰਗ ਮਿਲਿੰਗ ਵਿੱਚ ਕਿਰਤ ਕਰਦੇ ਹਨ ਅਤੇ ਉੱਥੇ ਪੈਦਾ ਹੋਈਆਂ ਮੌਜੂਦਾ ਸਥਿਤੀਆਂ ਦੇ ਮੱਦੇਨਜ਼ਰ ਉਹ ਤੁਰੰਤ ਵਾਪਸ ਆਉਣੇ ਚਾਹੁੰਦੇ ਹਨ ਪਰ ਮਿੱਲ ਮਾਲਕ ਉਨ੍ਹਾਂ ਨੂੰ ਆਪਣੇ ਹਿੱਤਾਂ ਖਾਤਰ ਵਾਪਸ ਨਹੀਂ ਆਉਣ ਦੇ ਰਿਹਾ। ਉਨ੍ਹਾਂ ਦੱਸਿਆ ਕਿ ਪਿਛਲੇ ਚਾਰ ਦਿਨ ਤੋਂ ਕਿਸੇ ਵੀ ਪਰਿਵਾਰਕ ਮੈਂਬਰ ਦਾ ਉਨ੍ਹਾਂ ਨਾਲ ਰਾਬਤਾ ਵੀ ਕਾਇਮ ਨਹੀਂ ਹੋ ਰਿਹਾ ਜਿਸ ਕਰਕੇ ਉਹ ਬਹੁਤ ਜ਼ਿਆਦਾ ਚਿੰਤਤ ਹਨ।

ਉਨ੍ਹਾਂ ਦੱਸਿਆ ਕਿ ਮਿੱਲ ਵਿੱਚ ਤਕਰੀਬਨ 31 ਭਾਰਤੀ ਹਨ ਜਿਨ੍ਹਾਂ ਵਿੱਚੋਂ 16 ਪੰਜਾਬੀ ਹਨ। ਪਰਿਵਾਰਕ ਮੈਂਬਰਾਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਇਸ ਮਿੱਲ ਦਾ ਮਾਲਕ ਫਾਜ਼ਲ ਆਬਾਦ ਕੁਝ ਸਮਾਂ ਖੁਦ ਗੋਬਿੰਦਗੜ੍ਹ ਵਿਖੇ ਆਇਆ ਸੀ ਅਤੇ ਸਾਡੇ ਪਰਿਵਾਰ ਦੇ ਮੈਂਬਰਾਂ ਨੂੰ ਇਰਾਕ ਵਿੱਚ ਆਪਣੀ ਮਿੱਲ ਵਿੱਚ ਰੁਜ਼ਗਾਰ ਦੇਣ ਲਈ ਲੈ ਕੇ ਗਿਆ ਸੀ ਪਰ ਹੁਣ ਪੈਦਾ ਹੋਈਆਂ ਤਾਜ਼ਾ ਪ੍ਰਸਥਿਤੀਆਂ ਕਾਰਨ ਆਪਣੀ ਮਿੱਲ ਦੇ ਕੰਮਕਾਜ ਦੇ ਪ੍ਰਭਾਵਿਤ ਨਾ ਹੋਣ ਦੇ ਡਰੋਂ ਉਹ ਉਨ੍ਹਾਂ ਨੂੰ ਵਾਪਸ ਨਹੀਂ ਆਉਣ ਦੇ ਰਿਹਾ।

ਪੀੜਤ ਪਰਿਵਾਰਾਂ ਨੂੰ ਹੌਂਸਲਾ ਦਿੰਦਿਆਂ ਸ. ਬਾਦਲ ਨੇ ਉਸੇ ਵੇਲੇ ਭਾਰਤੀਆਂ ਨੂੰ ਬਚਾਉਣ ਲਈ ਚੱਲ ਰਹੇ ਬਚਾਅ ਕਾਰਜਾਂ 'ਤੇ ਨਿਗਰਾਨੀ ਰੱਖਣ ਲਈ ਭਾਰਤ ਸਰਕਾਰ ਵੱਲੋਂ ਤੈਨਾਤ ਕੀਤੇ ਵਿਸ਼ੇਸ਼ ਸਫ਼ੀਰ ਸ਼੍ਰੀ ਸੁਰੇਸ਼ ਰੈਡੀ ਜੋ ਇਰਾਕ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਵੀ ਰਹਿ ਚੁੱਕੇ ਹਨ, ਨੂੰ ਫੋਨ ਕਰਕੇ ਇਰਾਕ ਵਿੱਚ ਫ਼ਸੇ ਪੰਜਾਬੀਆਂ ਦੀ ਸੁਰੱਖਿਅਤ ਤੇ ਛੇਤੀ ਨਾਲ ਵਾਪਸੀ ਯਕੀਨੀ ਬਣਾਉਣ ਲਈ ਆਖਿਆ।

ਮੁੱਖ ਮੰਤਰੀ ਨੇ ਉਨ੍ਹਾਂ ਨੂੰ ਇਰਾਕ ਦੇ ਸੁਰੱਖਿਅਤ ਇਲਾਕੇ ਵਿੱਚ ਵਸੇ ਉਨ੍ਹਾਂ ਪੰਜਾਬੀਆਂ ਨੂੰ ਵੀ ਵਾਪਸ ਭਾਰਤ ਲਿਆਉਣ ਲਈ ਕਿਹਾ ਜੋ ਕਿ ਡਰ ਅਤੇ ਅਸਥਿਰਤਾ ਕਾਰਨ ਵਾਪਸ ਆਉਣ ਲਈ ਉਤਸੁਕ ਹਨ। ਇਸ ਮੌਕੇ ਮੁੱਖ ਮੰਤਰੀ ਨੇ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਦੇ ਜਾਇੰਟ ਸਕੱਤਰ (ਖਾੜੀ ਅਤੇ ਹੱਜ) ਸ਼੍ਰੀ ਮਰੀਦੁਲ ਕੁਮਾਰ ਨਾਲ ਵੀ ਫੋਨ ਰਾਹੀਂ ਗੱਲਬਾਤ ਕਰਕੇ ਇਰਾਕ ਵਿੱਚ ਮਿੱਲ ਮਾਲਕ ਪਾਸੋਂ ਇਨ੍ਹਾਂ ਪੰਜਾਬੀਆਂ ਦੀ ਫੌਰੀ ਰਿਹਾਈ ਨੂੰ ਯਕੀਨੀ ਬਣਾਉਣ ਲਈ ਤੁਰੰਤ ਢੁਕਵੇਂ ਕਦਮ ਚੁੱਕਣ ਲਈ ਆਖਿਆ।

ਸ. ਬਾਦਲ ਨੇ ਕਿਹਾ ਕਿ ਸਪੱਸ਼ਟ ਕੀਤਾ ਕਿ ਜਿਹੜੇ ਪੰਜਾਬੀ ਵਾਪਸ ਆਉਣ ਲਈ ਉਤਸੁਕ ਹਨ ਪਰ ਉਹ ਵਿੱਤੀ ਬੋਝ ਦੇ ਕਾਰਨ ਅਜਿਹਾ ਕਰਨ ਤੋਂ ਹਿਚਕਿਚਾ ਰਹੇ ਹਨ, ਉਨ੍ਹਾਂ ਦਾ ਸਮੁੱਚਾ ਖਰਚਾ ਸੂਬਾ ਸਰਕਾਰ ਸਹਿਣ ਕਰੇਗੀ। ਉਨ੍ਹਾਂ ਕਿਹਾ ਕਿ ਇਸ ਸੰਕਟ ਦੀ ਘੜੀ ਮੁਸੀਬਤਾਂ ਵਿੱਚ ਫ਼ਸੇ ਪੰਜਾਬੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਕਰਨ ਲਈ ਸਰਕਾਰ ਪਾਬੰਦ ਹੈ ਤਾਂ ਜੋ ਉਨ੍ਹਾਂ ਨੂੰ ਮਾਨਸਿਕ ਪੀੜਾ ਦੇ ਇਸ ਦੌਰ ਤੋਂ ਛੁਟਕਾਰਾ ਦਿਵਾਇਆ ਜਾ ਸਕੇ।