arrow

ਜਥੇ. ਤੋਤਾ ਸਿੰਘ ਦੀ ਸਖ਼ਤੀ ਨੇ ਰੰਗ ਵਿਖਾਇਆ

ਮੋਗਾ 2 ਜੁਲਾਈ-

ਪੰਜਾਬ ਦੇ ਖੇਤੀਬਾੜੀ ਮੰਤਰੀ ਜਥੇ. ਤੋਤਾ ਸਿੰਘ ਵਲੋਂ ਰਾਜ ਭਰ ਦੇ ਖੇਤੀਬਾੜੀ ਅਧਿਕਾਰੀਆਂ ਨੂੰ ਕਿਸਾਨਾਂ ਨੂੰ ਮਿਆਰੀ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਦਿੱਤੇ ਹੁਕਮਾਂ ਨੂੰ ਹੁਣ ਬੂਰ ਪੈਂਦਾ ਨਜ਼ਰ ਆਉਣ ਲੱਗਾ ਹੈ

ਖੇਤੀਬਾੜੀ ਮੰਤਰੀ ਦੇ ਹੁਕਮਾਂ ਦੀ ਸਭ ਤੋਂ ਪਹਿਲਾਂ ਪਾਲਣਾ ਵੀ ਜ਼ਿਲਾ ਖੇਤੀਬਾੜੀ ਵਿਭਾਗ ਦੇ (ਇਨਫੋਰਸਮੈਂਟ) ਅਫ਼ਸਰ ਅਤੇ ਰਾਜ ਪੁਰਸਕਾਰ ਵਿਜੇਤਾ ਡਾ. ਜਸਵਿੰਦਰ ਸਿੰਘ ਬਰਾੜ ਵਲੋਂ 29 ਜੂਨ ਨੂੰ 30 ਕੁਇੰਟਲ ਨਕਲੀ ਖਾਦ ਦੇ ਫੜੇ ਗਏ ਟੈਂਪੂ 'ਚੋਂ ਭਰੇ ਗਏ ਖਾਦ ਦੇ ਨਮੂਨੇ ਬੁਰੀ ਤਰ੍ਹਾਂ ਨਾਲ ਫੇਲ ਹੋ ਗਏਦੱਸਣਯੋਗ ਹੈ ਕਿ ਇਨਫੋਰਸਮੈਂਟ ਦੇ ਇਸ ਖੇਤੀਬਾੜੀ ਅਧਿਕਾਰੀ ਵਲੋਂ ਪਹਿਲਾਂ ਵੀ ਕਈ ਵਾਰ ਨਕਲੀ ਦਵਾਈਆਂ ਦਾ ਕਾਰੋਬਾਰ ਕਰਨ ਵਾਲੇ ਡੀਲਰਾਂ ਵਿਰੁੱਧ ਕਾਰਵਾਈ ਕੀਤੀ ਜਾ ਚੁੱਕੀ ਹੈ

ਡਾ. ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ 30 ਕੁਇੰਟਲ ਇਸ ਨਕਲੀ ਖਾਦ '2500 ਕਿਲੋ ਜਿੰਕ ਸਲਫੇਟ 33 ਪ੍ਰਤੀਸ਼ਤ ਜੋ ਕਿ 'ਸ੍ਰੀ ਰਾਮ ਫਰਟੀਲਾਈਜ਼ਰ ਆਹਿਮਦਾਬਾਦ ਕੰਪਨੀ' ਦੇ ਨਾਮ ਹੇਠ ਤਿਆਰ ਕੀਤੀ ਗਈ ਸੀ, ਟੈਸਟ ਦੌਰਾਨ ਜਿੰਕ ਸਲਫੇਟ 33 ਪ੍ਰਤੀਸ਼ਤ ਦੀ ਜਗ੍ਹਾ 'ਤੇ ਸਿਰਫ਼ 1 ਪ੍ਰਤੀਸ਼ਤ ਤੱਤ ਹੀ ਪਾਇਆ ਗਿਆ ਹੈ ਅਤੇ 500 ਕਿਲੋ ਮਾਇਕਰੋ ਨਿਊਟਰੀਐਂਟ ਮਿਕਚਰ ਗਰੇਡ 2 ਜਿਸ ਵਿਚ ਜਿੰਕ 5 ਫੀਸਦੀ ਅਤੇ ਫੈਰਿਸ 7.5 ਫੀਸਦੀ ਤੱਤ ਦਰਸਾਏ ਗਏ ਸਨ ਜੋ ਕਿ 'ਗਲੋਬਲ ਫਰਟੀਲਾਈਜ਼ਰ ਲੁਧਿਆਣਾ' ਵਲੋਂ ਤਿਆਰ ਅਤੇ ਪੈਕ ਕੀਤੀ ਗਈ ਹੈ, ਟੈਸਟ ਉਪਰੰਤ ਜਿੰਕ ਸਲਫੇਟ 5 ਫੀਸਦੀ ਦੀ ਥਾਂ 'ਤੇ ਸਿਰਫ਼ 2.1 ਪ੍ਰਤੀਸ਼ਤ ਹੀ ਨਿਕਲੀ ਹੈ, ਜਦੋਂਕਿ ਫੈਰਿਸ ਸਲਫੇਟ 7.5 ਫੀਸਦੀ ਦੇ ਨਾਂ 'ਤੇ ਸਿਰਫ਼ 1.28 ਪ੍ਰਤੀਸ਼ਤ ਹੀ ਨਿਕਲੀ ਹੈ, ਇਸ ਤਰ੍ਹਾਂ ਕਰਕੇ ਬਹੁਤ ਹੀ ਘਟੀਆ ਖਾਦ ਕਿਸਾਨਾਂ ਨੂੰ ਦੇ ਕੇ ਕੰਪਨੀ ਦੇ ਮਾਲਕਾਂ ਵਲੋਂ ਵੱਡੇ ਪੱਧਰ 'ਤੇ ਕਿਸਾਨਾਂ ਨਾਲ ਠੱਗੀ ਮਾਰੀ ਜਾ ਰਹੀ ਹੈ

ਮੁੱਖ ਖੇਤੀਬਾੜੀ ਅਫ਼ਸਰ ਡਾ. ਸੁਖਦੇਵ ਸਿੰਘ ਬਰਾੜ ਨੇ ਦੱਸਿਆ ਕਿ ਇਸ ਸਬੰਧੀ ਤਫ਼ਤੀਸ਼ ਜਾਰੀ ਹੈ, ਜਲਦੀ ਹੀ ਦੋਸ਼ੀਆਂ ਵਿਰੁੱਧ ਕੇਸ ਦਾਇਰ ਕਰਵਾ ਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ, ਜਿਹੜੇ ਹੋਰ ਵੀ ਵਿਅਕਤੀ ਅਜਿਹੇ ਜਾਅਲੀ ਖਾਦ ਵੇਚਣ ਦੇ ਧੰਦੇ ਨਾਲ ਸਬੰਧ ਰੱਖਦੇ ਹੋਣਗੇ, ਉਨ੍ਹਾਂ ਨੂੰ ਵੀ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾਦੂਜੇ ਪਾਸੇ ਫੈਕਟਰੀ ਦੇ ਮਾਲਕ ਰਜਿੰਦਰ ਕੁਮਾਰ ਗਰਗ ਵਿਰੁੱਧ ਥਾਣਾ ਹੈਬੋਵਾਲ ਲੁਧਿਆਣਾ ਵਿਖੇ ਸੋਮਵਾਰ ਸ਼ਾਮ ਨੂੰ ਫਰਟੀਲੇਜ਼ਰ ਕੰਟਰੋਲ ਆਰਡਰ 1985 ਅਤੇ ਜ਼ਰੂਰੀ ਵਸਤਾਂ ਐਕਟ 1955 ਤਹਿਤ ਐੱਫ. ਆਈ. ਆਰ. ਦਰਜ ਕਰਵਾ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ

ਡਾ. ਬਰਾੜ ਮੁੱਖ ਖ਼ੇਤੀਬਾੜੀ ਅਫ਼ਸਰ ਮੋਗਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਚੰਗੇ ਭਰੋਸੇਮੰਦ ਡੀਲਰ ਤੋਂ ਪੱਕਾ ਬਿੱਲ ਲੈ ਕੇ ਖ਼ੇਤੀ ਸਮੱਗਰੀ ਖ੍ਰੀਦਣ ਘਰੋਂ-ਘਰੀ ਖ਼ਾਦ ਜਾਂ ਕੀੜੇਮਾਰ ਦਵਾਈਆਂ ਸਪਲਾਈ ਕਰਨ ਵਾਲੇ ਵਿਅਕਤੀਆਂ ਤੋਂ ਗੁਰੇਜ਼ ਕਰਨਦੂਜੇ ਪਾਸੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਿਰਮਲ ਸਿੰਘ ਮਾਣੂੰਕੇ, ਗੁਲਜ਼ਾਰ ਸਿੰਘ ਘੱਲਕਲਾਂ, ਸੁਖਵਿੰਦਰ ਸਿੰਘ ਨੇ ਡਾ. ਜਸਵਿੰਦਰ ਸਿੰਘ ਬਰਾੜ ਵਲੋਂ ਕੀਤੀ ਗਈ ਪਹਿਲ ਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਕਾਰਵਾਈ ਨਾਲ ਸੈਂਕੜੇ ਕਿਸਾਨਾਂ ਦਾ ਨੁਕਸਾਨ ਹੋਣੋ ਬਚਿਆ ਹੈ

ਉਨ੍ਹਾਂ ਕਿਹਾ ਕਿ ਨਕਲੀ ਖਾਦਾਂ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਕਰਦੀਆਂ ਹਨ ਅਤੇ ਅਜਿਹਾ ਗੋਰਖ ਧੰਦਾ ਕਰਨ ਵਾਲਿਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ ਤਾਂ ਜੋ ਭਵਿੱਖ 'ਚ ਕੋਈ ਵੀ ਵਿਅਕਤੀ ਨਕਲੀ ਖਾਦਾਂ ਅਤੇ ਦਵਾਈਆਂ ਦੀ ਸਪਲਾਈ ਨਾ ਕਰੇ