arrow

ਅਮਰਿੰਦਰ ਤੇ ਚੱਠਾ ਨੂੰ ਅਕਾਲ ਤਖਤ ਦੇ ਜਥੇਦਾਰ ਕਰ ਸਕਦੇ ਨੇ ਤਲਬ

ਮਾਮਲਾ ਹਰਿਆਣਾ 'ਚ ਵੱਖਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮਰਥਨ ਦਾ

ਲੁਧਿਆਣਾ2ਜੁਲਾਈ-

ਸਿੱਖਾਂ ਦੀ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰਿਆਣਾ ਹਕੂਮਤ ਵਲੋਂ ਆਉਣ ਵਾਲੇ ਦਿਨਾਂ ਵਿਚ ਟੁੱਕੜੇ ਕਰਕੇ ਹਰਿਆਣਾ ਵਿਚ ਵੱਖਰੀ ਕਮੇਟੀ ਬਣਾਉਣ ਦੀਆਂ ਮੀਡੀਆ ਵਿਚ ਧੜਾਧੜ ਆ ਰਹੀਆਂ ਖਬਰਾਂ ਨੇ ਪੰਜਾਬ ਅਤੇ ਹਰਿਆਣਾ ਦੀ ਰਾਜਨੀਤੀ ਵਿਚ ਪੂਰੀ ਹਲਚਲ ਪੈਦਾ ਕਰ ਦਿੱਤੀ ਹੈ

ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅੱਗੇ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਸਿੱਖਾਂ ਦੀ ਵੱਖਰੀ ਕਮੇਟੀ ਦੀ ਮੰਗ ਨੂੰ ਅਮਲੀ ਜਾਮਾ ਪਹਿਨਾਉਣ ਦੀ ਪੂਰੀ ਤਰ੍ਹਾਂ ਤਿਆਰੀ ਕਰ ਚੁੱਕੇ ਹਨ

ਇਸ ਵੱਖਰੀ ਬਣਨ ਵਾਲੀ ਕਮੇਟੀ 'ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਅਤੇ ਹਰਿਆਣਾ ਦੇ ਵਿੱਤ ਮੰਤਰੀ ਹਰਵਿੰਦਰ ਸਿੰਘ ਚੱਠਾ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਜਥੇ. ਝੀਂਗਾ ਅਤੇ ਹੋਰ ਆਗੂ ਹਰਿਆਣਾ 'ਚ ਬੈਠੇ ਸਿੱਖਾਂ ਲਈ ਵੱਖਰੀ ਕਮੇਟੀ ਦੀ ਖੁੱਲ੍ਹ ਕੇ ਵਕਾਲਤ ਕਰ ਚੁੱਕੇ ਹਨ, ਜਿਸ 'ਤੇ ਰਾਜਸੀ ਪੰਡਤਾਂ ਦਾ ਕਹਿਣਾ ਹੈ ਕਿ ਜੇਕਰ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਹਰਿਆਣਾ ਵਿਚ ਵੱਖਰੀ ਕਮੇਟੀ ਦਾ ਐਲਾਨ ਕਰ ਦਿੱਤਾ ਤਾਂ ਉਸੇ ਮੌਕੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਤੇ ਹਰਿਆਣਾ ਦੇ ਵਿੱਤ ਮੰਤਰੀ ਸ. ਚੱਠਾ ਤੇ ਜਥੇ. ਝੀਂਗਾ ਸਮੇਤ ਵੱਖਰੀ ਕਮੇਟੀ ਦੀ ਵਕਾਲਤ ਕਰਨ ਵਾਲੇ ਸਿੱਖਾਂ ਨੂੰ ਅਕਾਲ ਤਖਤ 'ਤੇ ਤਲਬ ਕਰ ਲੈਣਗੇ