arrow

ਜਰਮਨੀ ਵੀ ਆਖ਼ਰੀ ਅੱਠਾਂ 'ਚ ਪੁੱਜਾ

ਪੋਰਟੋ ਅਲੇਗਰੇ 2 ਜੁਲਾਈ-

ਆਂਦਰੇ ਸ਼ੁਰਲੇ ਅਤੇ ਮੈਸੁਟ ਓਜ਼ਿਲ ਦੇ ਵਾਧੂ ਸਮੇਂ ਵਿਚ ਕੀਤੇ ਗਏ ਗੋਲਾਂ ਦੀ ਮਦਦ ਨਾਲ ਜਰਮਨੀ ਨੇ ਰਾਉਡ 16 ਮੁਕਾਬਲੇ ਵਿਚ ਅਲਜੀਰੀਆ ਨੂੰ 2-1 ਨਾਲ ਹਰਾ ਕੇ ਵਿਸ਼ਵ ਕੱਪ ਫੁੱਟਬਾਲ ਦੇ ਕੁਆਰਟਰ ਫਾਈਨਲ 'ਚ ਜਗਾ ਬਣਾ ਲਈ, ਜਿਥੇ ਉਸਦਾ ਮੁਕਾਬਲਾ ਫਰਾਂਸ ਨਾਲ ਹੋਵੇਗਾ |

ਦੋਵੇਂ ਟੀਮਾਂ ਨਿਰਧਾਰਿਤ ਸਮੇਂ ਤੱਕ ਬਿਨਾ ਕਿਸੇ ਗੋਲ 'ਤੋਂ ਬਰਾਬਰੀ 'ਤੇ ਰਹੀਆਂ, ਜਿਸਦੇ ਬਾਅਦ ਚੈਲਸੀ ਦੇ ਫਾਰਵਰਡ ਸ਼ੁਰਲੇ ਨੇ ਵਾਧੂ ਸਮੇਂ '92ਵੇਂ ਮਿੰਟ 'ਚ ਗੋਲ ਕਰਕੇ ਆਪਣੀ ਟੀਮ ਨੂੰ 1-0 ਨਾਲ ਬੜ੍ਹਤ ਦਿਵਾ ਦਿੱਤੀ, ਜਦਕਿ ਆਰਸਨਲ ਵਲੋਂ ਖੇਡਣ ਵਾਲੇ ਓਜ਼ਿਲ ਨੇ 120ਵੇਂ ਮਿੰਟ 'ਚ ਗੋਲ ਕਰਕੇ ਆਪਣੀ ਟੀਮ ਦੀ ਜਿੱਤ ਪੱਕੀ ਕਰ ਦਿੱਤੀ ਹਾਲਾਂਕਿ ਅਲਜੀਰੀਆ ਵਲੋਂ ਵੀ ਅਬਦੁਲਮੋਓਮੇਨ ਨੇ ਇਕ ਗੋਲ ਕਰਕੇ ਹਾਰ ਦਾ ਅੰਤਰ ਘੱਟ ਕੀਤਾ |

ਅਲਜੀਰੀਆ ਪਹਿਲੀ ਵਾਰ ਵਿਸ਼ਵ ਕੱਪ ਨਾਕ ਆਊਟ ਵਿਚ ਪਹੰਚਾ ਸੀ ਅਤੇ ਉਸਨੇ ਤਿੰਨ ਵਾਰ ਦੇ ਵਿਸ਼ਵ ਚੈਂਪੀਅਨ ਨੂੰ ਕੜੀ ਮੁਸ਼ੱਕਤ ਕਰਵਾ ਕੇ ਸਨਮਾਨ ਦੇ ਨਾਲ ਵਿਦਾਈ ਲਈ | ਪਹਿਲੇ ਹਾਫ ਵਿਚ ਸਪੋਰਟਿੰਗ ਲਿਸਬਨ ਦੇ ਸਟ੍ਰਾਈਕਰ ਇਸਲਾਮ ਸਲੀਮਾਨੀ ਦਾ ਗੋਲ ਆਫ ਸਾਈਡ ਹੋਣ ਦੇ ਕਾਰਨ ਨਹੀਂ ਮੰਨਿਆ ਗਿਆ ਜਦਕਿ ਜਰਮਨ ਦੇ ਕੋਲ ਆਇਆ ਪਹਿਲਾਂ ਮੌਕਾ ਅਲਜੀਰੀਆ ਦੇ ਗੋਲਕੀਪਰ ਰਾਈਸ ਮਬੋਹੀ ਨੇ ਸ਼ਾਨਦਾਰ ਤਰੀਕੇ ਨਾਲ ਬਚਾ ਲਿਆ | ਉਸਨੇ ਪਹਿਲਾਂ ਟੋਨੀ ਕਰੂਸ ਅਤੇ ਬਾਅਦ ਵਿਚ ਮਾਰਿਆ ਗੋਟੇਜ਼ ਦੇ ਰਿਬਾਊਾਡ ਨੂੰ ਰੋਕਿਆ |