arrow

ਵਧਦੀ ਉਮਰ ਵਿਚ ਰੱਖੋ ਯਾਦਾਸ਼ਤ ਨੂੰ ਕਾਇਮ

ਨਵੀਂ ਦਿੱਲੀ 2 ਜੁਲਾਈ-

ਜਿਥੋਂ ਤੱਕ ਭੁੱਲਣ ਦੀ ਗੱਲ ਹੈ, ਭੁੱਲਣਾ ਇਕ ਸੁਭਾਵਿਕ ਕਿਰਿਆ ਹੈ | ਜੇਕਰ ਅਸੀਂ ਹਰ ਚੀਜ਼ ਨੂੰ ਯਾਦ ਰੱਖਣ ਦੀ ਕੋਸ਼ਿਸ਼ ਕਰਾਂਗੇ ਤਾਂ ਸਾਡਾ ਦਿਮਾਗ ਪ੍ਰੇਸ਼ਾਨ ਹੋ ਜਾਵੇਗਾ | ਕੁਝ ਚੀਜ਼ਾਂ ਭੁੱਲ ਜਾਣ ਵਿਚ ਹੀ ਬਿਹਤਰੀ ਹੈ ਪਰ ਏਨੀ ਵੀ ਨਹੀਂ ਕਿ ਅਸੀਂ ਆਮ ਗੱਲਾਂ ਵੀ ਭੁੱਲ ਜਾਈਏ |

ਸਾਨੂੰ ਚਾਹੀਦਾ ਹੈ ਕਿ ਅਸੀਂ ਸਿਰਫ ਜ਼ਰੂਰੀ ਚੀਜ਼ਾਂ ਨੂੰ ਹੀ ਯਾਦ ਰੱਖੀਏ ਪਰ ਸਾਡੀ ਯਾਦਾਸ਼ਤ ਚੰਗੀ ਬਣੀ ਰਹੇ, ਇਸ ਗੱਲ ਦਾ ਵੀ ਸਾਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ | ਸਾਡੀ ਯਾਦਾਸ਼ਤ ਵਿਚ ਸਾਡੇ ਦਿਮਾਗ ਦਾ ਅਹਿਮ ਰੋਲ ਹੈ ਪਰ ਜਦ ਤੱਕ ਉਸ ਦਾ ਇਸਤੇਮਾਲ ਨਾ ਕੀਤਾ ਜਾਵੇ, ਉਹ ਬੇਕਾਰ ਹੈ | ਆਮ ਤੌਰ 'ਤੇ ਅਸੀਂ ਆਪਣੇ ਦਿਮਾਗ ਦੀ ਸਮਰੱਥਾ ਦਾ ਬਹੁਤ ਘੱਟ ਇਸਤੇਮਾਲ ਕਰਦੇ ਹਾਂ | ਯਾਦਾਸ਼ਤ ਨੂੰ ਚੁਸਤ-ਦਰੁਸਤ ਰੱਖਣ ਲਈ ਆਪਣੇ ਦਿਮਾਗ ਦੀ ਸਮਰੱਥਾ ਦਾ ਵੱਧ ਤੋਂ ਵੱਧ ਇਸਤੇਮਾਲ ਕਰੋ | ਕੁਝ ਨਾ ਕੁਝ ਅਜਿਹਾ ਕਰਦੇ ਰਹੋ, ਜਿਸ ਵਿਚ ਦਿਮਾਗ ਲਾਉਣਾ ਪਵੇ |

ਮਾਨਸਿਕ ਰੂਪ ਵਿਚ ਚੁਸਤ-ਦਰੁਸਤ ਬਣੇ ਰਹਿਣ ਲਈ ਦਿਮਾਗੀ ਕਸਰਤ ਕਰਦੇ ਰਹੋ | ਵਰਗ ਪਹੇਲੀ ਭਰਨ ਜਾਂ ਗਣਿਤ ਦੇ ਸਵਾਲ ਕੱਢਣ ਨਾਲ ਵਿਅਕਤੀ ਦਿਮਾਗੀ ਤੌਰ 'ਤੇ ਵਧੇਰੇ ਸਰਗਰਮ ਰਹਿੰਦਾ ਹੈ | ਜੋ ਵਿਅਕਤੀ ਮਾਨਸਿਕ ਤੌਰ 'ਤੇ ਪੂਰੀ ਤਰ੍ਹਾਂ ਤੰਦਰੁਸਤ ਹੁੰਦਾ ਹੈ, ਉਹ ਸਰੀਰਕ ਤੌਰ 'ਤੇ ਵੀ ਪੂਰੀ ਤਰ੍ਹਾਂ ਤੰਦਰੁਸਤ ਹੁੰਦਾ ਹੈ | ਮਾਨਸਿਕ ਤੌਰ 'ਤੇ ਤੰਦਰੁਸਤ ਹੋਣ ਦਾ ਅਰਥ ਹੈ ਕਿ ਅਸੀਂ ਆਪਣੇ ਮਨ ਦੀ ਸਾਕਾਰਾਤਮਿਕ ਸੋਚ ਦੁਆਰਾ ਆਪਣੇ ਦਿਮਾਗ ਦਾ ਪੂਰਨ ਰੂਪ ਨਾਲ ਵੱਧ ਤੋਂ ਵੱਧ ਪ੍ਰਯੋਗ ਕਰ ਰਹੇ ਹਾਂ |

ਚਾਹ-ਕੌਫੀ ਪੀਣਾ ਹੀ ਨਹੀਂ, ਚਾਹ-ਕੌਫੀ ਪੀਂਦੇ ਸਮੇਂ ਗੱਲਬਾਤ ਕਰਨਾ ਵੀ ਸਾਡੀ ਯਾਦਾਸ਼ਤ ਨੂੰ ਚੁਸਤ-ਦਰੁਸਤ ਰੱਖਣ ਵਿਚ ਸਹਾਈ ਹੁੰਦਾ ਹੈ | ਗੱਲਬਾਤ ਕਰਦੇ ਸਮੇਂ ਦੂਜੇ ਦੀ ਗੱਲ ਨੂੰ ਧਿਆਨ ਨਾਲ ਸੁਣਨਾ ਪੈਂਦਾ ਹੈ | ਦੂਜੇ ਦੀ ਗੱਲ ਸੁਣਨ, ਸਮਝਣ ਅਤੇ ਫਿਰ ਉੱਤਰ ਦੇਣ ਵਿਚ ਦਿਮਾਗ ਦੀ ਕਾਫੀ ਕਸਰਤ ਹੋ ਜਾਂਦੀ ਹੈ, ਜੋ ਸਾਡੀ ਯਾਦਾਸ਼ਤ ਨੂੰ ਚੁਸਤ-ਦਰੁਸਤ ਰੱਖਣ ਵਿਚ ਮਦਦ ਕਰਦੀ ਹੈ |

ਐਟੀ-ਆਕਸੀਡੈਂਟ ਨਾ ਸਿਰਫ ਸਾਡੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵਧਾਉਣ ਵਿਚ ਮਦਦ ਕਰਦੇ ਹਨ ਅਤੇ ਬਿਮਾਰੀ ਤੋਂ ਤੁਰੰਤ ਮੁਕਤੀ ਦਿਵਾਉਣ ਵਿਚ ਸਹਾਇਕ ਹੁੰਦੇ ਹਨ, ਸਗੋਂ ਬਿਰਧ ਅਵਸਥਾ ਨੂੰ ਰੋਕਣ ਅਤੇ ਯਾਦਾਸ਼ਤ ਵਧਾਉਣ ਵਿਚ ਵੀ ਬਹੁਤ ਕਾਰਗਰ ਹੁੰਦੇ ਹਨ | ਅੰਗੂਰ ਦੇ ਛਿਲਕੇ ਅਤੇ ਰਸ ਵਿਚ ਪਾਏ ਜਾਣ ਵਾਲੇ ਐਾਟੀ-ਆਕਸੀਡੈਂਟ ਦੀ ਬਿਰਧ ਅਵਸਥਾ ਨੂੰ ਰੋਕਣ ਅਤੇ ਯਾਦਾਸ਼ਤ ਨੂੰ ਵਧਾਉਣ ਵਿਚ ਮਹੱਤਵਪੂਰਨ ਭੂਮਿਕਾ ਹੁੰਦੀ ਹੈ | ਇਸ ਲਈ ਕਮਜ਼ੋਰ ਯਾਦਾਸ਼ਤ ਤੋਂ ਮੁਕਤੀ ਪਾਉਣ ਅਤੇ ਬੁਢਾਪੇ ਨੂੰ ਰੋਕਣ ਲਈ ਨਿਯਮਿਤ ਤੌਰ 'ਤੇ ਅੰਗੂਰ ਦਾ ਰਸ ਪੀਣਾ ਚਾਹੀਦਾ ਹੈ |

ਖੋਜਾਂ ਵਿਚ ਇਹ ਸਪੱਸ਼ਟ ਹੋਇਆ ਹੈ ਕਿ ਲਗਾਤਾਰ 3-4 ਮਹੀਨੇ ਤੱਕ ਅੰਗੂਰ ਦਾ ਰਸ ਪੀਣ ਨਾਲ ਵਿਅਕਤੀ ਦਾ ਦਿਮਾਗ ਤੇਜ਼ ਹੋ ਕੇ ਉਸ ਦੀ ਯਾਦਾਸ਼ਤ ਵਿਚ ਕਾਫੀ ਵਾਧਾ ਹੁੰਦਾ ਹੈ | ਅੰਗੂਰ ਹੀ ਨਹੀਂ, ਹੋਰ ਤਾਜ਼ਾ ਫਲ਼-ਸਬਜ਼ੀਆਂ ਅਤੇ ਉਨ੍ਹਾਂ ਦਾ ਰਸ ਵੀ ਇਸ ਵਿਚ ਲਾਭ ਪਹੁੰਚਾਉਂਦਾ ਹੈ |

ਯਾਦਾਸ਼ਤ ਨੂੰ ਚੁਸਤ-ਦਰੁਸਤ ਰੱਖਣ ਲਈ ਕਾਫੀ ਮਾਤਰਾ ਵਿਚ ਸੌਣਾ ਵੀ ਜ਼ਰੂਰੀ ਹੈ | ਘੱਟ ਸੌਣ ਨਾਲ ਸਾਡੇ ਦਿਮਾਗ ਦੇ ਇਕ ਹਿੱਸੇ ਵਿਚ ਬ੍ਰੇਨ ਸੈੱਲਜ਼ ਜਾਂ ਨਿਊਰਾਨਜ਼ ਦੀ ਗਿਣਤੀ ਘੱਟ ਹੋ ਜਾਂਦੀ ਹੈ, ਜਿਸ ਨਾਲ ਯਾਦਾਸ਼ਤ ਕਮਜ਼ੋਰ ਪੈ ਜਾਂਦੀ ਹੈ | ਜੋ ਲੋਕ ਕਾਫੀ ਮਾਤਰਾ ਵਿਚ ਨੀਂਦ ਨਹੀਂ ਲੈਂਦੇ, ਉਹ ਯਾਦਾਸ਼ਤ ਦੀ ਕਮੀ ਦੀ ਸ਼ਿਕਾਇਤ ਕਰਦੇ ਪਾਏ ਜਾਂਦੇ ਹਨ | ਆਪਣੀ ਯਾਦਾਸ਼ਤ ਨੂੰ ਚੁਸਤ-ਦਰੁਸਤ ਰੱਖਣ ਲਈ ਕਾਫੀ ਨੀਂਦ ਲਓ ਅਤੇ ਉਨੀਂਦਰੇ ਤੋਂ ਬਚੋ |

ਹਾਸਾ-ਮਜ਼ਾਕ ਵੀ ਯਾਦਾਸ਼ਤ ਨੂੰ ਚੁਸਤ-ਦਰੁਸਤ ਰੱਖਣ ਨਾਲ ਡੰੂਘਾ ਸਬੰਧ ਰੱਖਦਾ ਹੈ | ਹੱਸਣ ਦੌਰਾਨ ਸਾਡੇ ਦਿਮਾਗ ਦੇ ਸੈੱਲ ਸਰਗਰਮ ਹੋ ਜਾਂਦੇ ਹਨ ਅਤੇ ਸਾਡੀ ਯਾਦਾਸ਼ਤ ਨੂੰ ਤੇਜ਼ ਕਰਨ ਵਿਚ ਸਹਾਇਤਾ ਕਰਦੇ ਹਨ | ਆਪਣੀ ਯਾਦਾਸ਼ਤ ਨੂੰ ਚੁਸਤ-ਦਰੁਸਤ ਬਣਾਈ ਰੱਖਣ ਲਈ ਜਦੋਂ ਵੀ ਮੌਕਾ ਮਿਲੇ, ਖੂਬ ਹੱਸੋ-ਹਸਾਓ | ਯਾਦਾਸ਼ਤ ਚੰਗੀ ਬਣੀ ਰਹੇ, ਇਸ ਦੇ ਲਈ ਕੁਝ ਨਵਾਂ ਯਾਦ ਕਰਦੇ ਰਹੋ, ਕੁਝ ਨਵਾਂ ਸਿੱਖਦੇ ਰਹੋ, ਜਿਸ ਨਾਲ ਵਿਅਕਤੀ ਜਲਦੀ ਬੁੱਢਾ ਨਹੀਂ ਹੁੰਦਾ ਅਤੇ ਯਾਦਾਸ਼ਤ ਵੀ ਚੁਸਤ-ਦਰੁਸਤ ਬਣੀ ਰਹਿੰਦੀ ਹੈ |

ਆਪਣੀ ਯਾਦਾਸ਼ਤ ਨੂੰ ਚੁਸਤ-ਦਰੁਸਤ ਬਣਾਈ ਰੱਖਣ ਲਈ ਨਾ ਕੇਵਲ ਖੁਦ ਸਿੱਖਦੇ ਰਹੋ, ਬਲਕਿ ਦੂਜਿਆਂ ਨੂੰ ਵੀ ਸਿਖਾਉਣ ਵਿਚ ਕੁਝ ਨਾ ਕੁਝ ਸਮਾਂ ਲਗਾਓ | ਬੁਢਾਪੇ ਨੂੰ ਦੂਰ ਰੱਖ ਕੇ ਯਾਦਾਸ਼ਤ ਨੂੰ ਵੀ ਚੰਗਾ ਰੱਖਣਾ ਹੈ ਤਾਂ ਇਕੱਲੇਪਣ ਤੋਂ ਬਚੋ | ਸਮਾਜਿਕ ਗਤੀਵਿਧੀਆਂ ਵਿਚ ਵਧ-ਚੜ੍ਹ ਕੇ ਹਿੱਸਾ ਲਓ | ਹਰ ਉਮਰ ਦੇ ਵਿਅਕਤੀ ਨਾਲ ਵਿਸ਼ੇਸ਼ ਤੌਰ 'ਤੇ ਬੱਚਿਆਂ ਨਾਲ ਗੱਲਬਾਤ ਕਰੋ |

ਸੇਵਾਮੁਕਤੀ ਦੇ ਬਾਅਦ ਜਾਂ ਬੁਢਾਪੇ ਵਿਚ ਬੇਹੱਦ ਸਰਗਰਮ ਜੀਵਨ ਜਿਉਣ ਦੀ ਲੋੜ ਹੈ | ਇਸ ਨਾਲ ਪੂਰਨ ਰੂਪ ਵਿਚ ਤੰਦਰੁਸਤ ਰਹਿ ਸਕਾਂਗੇ | ਵੈਸੇ ਸਰਗਰਮ ਜੀਵਨ ਤੋਂ ਸੇਵਾਮੁਕਤੀ ਨਾ ਲੈਣ ਵਾਲਾ ਕਦੇ ਸੇਵਾਮੁਕਤ ਜਾਂ ਬੁੱਢਾ ਨਹੀਂ ਹੁੰਦਾ ਅਤੇ ਨਾ ਹੀ ਯਾਦਾਸ਼ਤ ਸਬੰਧੀ ਸਮੱਸਿਆਵਾਂ ਦਾ ਸ਼ਿਕਾਰ ਹੁੰਦਾ ਹੈ |